ਆਰ.ਪੀ.ਜੀ ਹਮਲਾ ਮਾਮਲਾ: ਮੁੱਖ ਦੋਸ਼ੀ ਤੋਂ ਪੁੱਛਗਿੱਛ ਦੇ ਅਧਾਰ ’ਤੇ ਇੱਕ ਏਕੇ-56 ਰਾਈਫਲ ਬਰਾਮਦ ਅਤੇ ਦੋ ਪਨਾਹਗ਼ਾਰ ਗ੍ਰਿਫਤਾਰ
ਆਰ.ਪੀ.ਜੀ ਹਮਲਾ ਮਾਮਲਾ: ਮੁੱਖ ਦੋਸ਼ੀ ਤੋਂ ਪੁੱਛਗਿੱਛ ਦੇ ਅਧਾਰ ’ਤੇ ਇੱਕ ਏਕੇ-56 ਰਾਈਫਲ ਬਰਾਮਦ ਅਤੇ ਦੋ ਪਨਾਹਗ਼ਾਰ ਗ੍ਰਿਫਤਾਰ
ਚੰਡੀਗੜ੍ਹ, 22 ਅਕਤੂਬਰ: ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ.ਪੀ.ਜੀ.) ਹਮਲੇ ਦੇ ਮੁੱਖ ਦੋਸ਼ੀ ਚੜਤ ਸਿੰਘ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕਰਨ ਤੋਂ ਕੁਝ ਹੀ ਸਮੇਂ ਬਾਅਦ ਪੰਜਾਬ ਪੁਲਿਸ ਨੇ ਉਕਤ ਦੋਸ਼ੀ ਦੇ ਖੁਲਾਸਿਆਂ ਦੇ ਅਧਾਰ ਤੇ ਇੱਕ ਏਕੇ-56 ਅਸਾਲਟ ਰਾਈਫਲ ਦੀ ਬਰਾਮਦਗੀ ਅਤੇ ਉਸਦੇ ਦੋ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਉਕਤ ਨੂੰ ਪਨਾਹ ਦਿੰਦੇ ਸਨ। ਜ਼ਿਕਰਯੋਗ ਹੈ ਕਿ 9 ਮਈ 2022 ਨੂੰ ਮੋਹਾਲੀ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਲਗਭਗ 19:45 ਵਜੇ ਇੱਕ ਆਰਪੀਜੀ ਹਮਲਾ ਕੀਤਾ ਗਿਆ ਸੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਈਅਦ ਮੁਹੰਮਦ ਤੌਸੀਫ ਚਿਸ਼ਤੀ ਉਰਫ ਚਿੰਕੀ ਵਾਸੀ ਅਜਮੇਰ, ਰਾਜਸਥਾਨ ਅਤੇ ਸੁਨੀਲ ਕੁਮਾਰ ਉਰਫ ਕਾਲਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਚੜਤ ਸਿੰਘ ਦੇ ਖੁਲਾਸੇ ‘ਤੇ ਪੁਲਿਸ ਟੀਮਾਂ ਨੇ ਇੱਕ ਏਕੇ-56 ਸਮੇਤ 100 ਕਾਰਤੂਸ ਅਤੇ ਇੱਕ .30 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ।
ਉਨਾਂ ਦੱਸਿਆ ਕਿ ਚੜਤ ਸਿੰਘ ਦੀ ਪੁੱਛਗਿੱਛ ਤੋਂ ਬਾਅਦ ਹੀ ਉਕਤ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਟੀਮਾਂ ਨੇ ਰਾਜਸਥਾਨ ਦੇ ਅਜਮੇਰ ਤੋਂ ਸਈਦ ਮੁਹੰਮਦ ਤੌਸੀਫ ਚਿਸ਼ਤੀ ਉਰਫ ਚਿੰਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਨੇ ਕਿਹਾ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜਮ ਚਿੰਕੀ ਪਿਛਲੇ 5-7 ਸਾਲਾਂ ਤੋਂ ਲਖਬੀਰ ਲੰਡਾ ਦੇ ਸੰਪਰਕ ਵਿੱਚ ਸੀ ਅਤੇ ਲੰਡਾ ਦੇ ਨਿਰਦੇਸ਼ਾਂ ‘ਤੇ ਚਿੰਕੀ ਨੇ ਅਜਮੇਰ ਵਿੱਚ ਅਲ-ਖਾਦਿਮ ਨਾਮ ਦੇ ਇੱਕ ਗੈਸਟ ਹਾਊਸ ਵਿੱਚ ਚੜਤ ਲਈ ਠਹਿਰਨ ਦਾ ਪ੍ਰਬੰਧ ਕੀਤਾ ਸੀ। ਚੜਤ ਨੇ ਕਬੂਲਿਆ ਹੈ ਕਿ ਲੰਡਾ ਨੇ ਚਿੰਕੀ ਨੂੰ ਕਰੀਬ 3 ਤੋਂ 4 ਲੱਖ ਰੁਪਏ ਭੇਜੇ ਹਨ।
ਉਨਾਂ ਦੱਸਿਆ ਕਿ ਚੜਤ ਦੇ ਇੱਕ ਹੋਰ ਸਾਥੀ ਜਿਸਦੀ ਦੀ ਪਛਾਣ ਸੁਨੀਲ ਕੁਮਾਰ ਉਰਫ ਕਾਲਾ ਵਜੋਂ ਹੋਈ ਹੈ ਅਤੇ ਜਿਸ ਨੇ ਚੜਤ ਸਿੰਘ ਨੂੰ ਅਮਰੀਕਾ ਸਥਿਤ ਜਗਰੂਪ ਸਿੰਘ ਉਰਫ ਰੂਪ ਦੇ ਨਿਰਦੇਸ਼ਾਂ ‘ਤੇ ਛੁਪਣਗਾਹ ਮੁਹੱਈਆ ਕਰਵਾਈ ਸੀ, ਨੂੰ ਵੀ ਰੋਪੜ ਤੋਂ ਗਿ੍ਰਫਤਾਰ ਕਰ ਲਿਆ ਗਿਆ ਹੈ। ਸ੍ਰੀ ਆਨੰਦਪੁਰ ਸਾਹਿਬ ਦਾ ਰਹਿਣ ਵਾਲਾ ਜਗਰੂਪ ਰੂਪ ਲਖਬੀਰ ਲੰਡਾ ਦਾ ਕਰੀਬੀ ਮੰਨਿਆ ਜਾਂਦਾ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਨੂੰ ਅਪਰਾਧ ਮੁਕਤ ਬਣਾਉਣ ਲਈ ਯਤਨਸ਼ੀਲ ਹੈ।
ਜ਼ਿਕਰਯੋਗ ਹੈ ਕਿ ਮੁਲਜਮ ਚੜਤ ਜੋ ਇੱਕ ਆਦਤਨ ਅਪਰਾਧੀ ਹੈ ਅਤੇ ਪੰਜਾਬ ਵਿੱਚ ਕਤਲ, ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਕਈ ਘਿਨਾਉਣੇ ਅਪਰਾਧਾਂ ਦੇ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਰਾਹੀਂ ਪਾਕਿਸਤਾਨ ਆਈਐੱਸਆਈ ਦੇ ਸਰਗਰਮ ਸਹਿਯੋਗ ਨਾਲ ਸਰਹੱਦ ਪਾਰੋਂ ਇੱਕ ਆਰਪੀਜੀ, ਇੱਕ ਏਕੇ-47 ਅਤੇ ਹੋਰ ਹਥਿਆਰ ਵੀ ਮੰਗਵਾਏ ਸਨ।
ਮੁਲਜ਼ਮ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜਾ ਕੱਟ ਰਿਹਾ ਸੀ ਅਤੇ ਆਰ.ਪੀ.ਜੀ. ਹਮਲੇ ਦੇ ਸਮੇਂ ਉਹ ਪੈਰੋਲ ’ਤੇ ਬਾਹਰ ਆਇਆ ਹੋਇਆ ਸੀ। ਆਪਣੀ ਪੈਰੋਲ ਦੀ ਮਿਆਦ ਦੇ ਦੌਰਾਨ, ਚੜਤ ਨੇ ਆਰਪੀਜੀ ਹਮਲੇ ਨੂੰ ਅੰਜਾਮ ਦੇਣ ਲਈ ਤਰਨਤਾਰਨ ਖੇਤਰ ਤੋਂ ਨਿਸਾਨ ਕੁੱਲਾ ਅਤੇ ਹੋਰਾਂ ਸਮੇਤ ਆਪਣੇ ਸਾਥੀਆਂ ਨੂੰ ਦੁਬਾਰਾ ਇਕੱਠਾ ਕੀਤਾ, ਜਿਸਦਾ ਉਦੇਸ਼ ਰਾਜ ਵਿੱਚ ਫਿਰਕੂ ਸਦਭਾਵਨਾ ਅਤੇ ਸਾਂਤੀ ਨੂੰ ਢਾਹ ਲਾਉਣਾ ਸੀ।

-PTC News