ਨਹਿਰ ’ਚ ਪਿਆ ਵੱਡਾ ਪਾੜ, ਲੋਕਾਂ ਦੇ ਘਰਾਂ ’ਚ ਵੜਿਆ ਪਾਣੀ, ਇਨਾਂ 2 ਇਲਾਕਿਆਂ ਨੂੰ ਸਭ ਤੋਂ ਵੱਧ ਖ਼ਤਰਾ !
Punjab News: ਅੰਮ੍ਰਿਤਸਰ ਦੇ ਤਰਨਤਾਰਨ ਰੋਡ ਨੇੜੇ ਚਾਟੀਵਿੰਡ ਪਿੰਡ ਦੀ ਨਹਿਰ ਵਿੱਚ ਪਾੜ ਪੈਣ ਕਾਰਨ ਆਸ-ਪਾਸ ਦੇ ਇਲਾਕਿਆਂ ਵਿੱਚ ਪਾਣੀ ਦਾਖ਼ਲ ਹੋ ਗਿਆ। ਨਹਿਰ ਦਾ ਪਾਣੀ ਤੇਜ਼ ਵਹਾਅ ਨਾਲ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵੱਲ ਵਧਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਜੰਗੀ ਪੱਧਰ ’ਤੇ ਕੰਮ ਸ਼ੁਰੂ ਕੀਤਾ ਗਿਆ।
ਜਾਣਕਾਰੀ ਮੁਤਾਬਕ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਅਤੇ ਭਾਈ ਮਾਨ ਸਿੰਘ ਰੋਡ ਇਲਾਕੇ ਵਿੱਚ ਨਹਿਰ ਦੇ ਪਾਣੀ ਕਾਰਨ ਜਲਭਰਾਅ ਦੀ ਸਥਿਤੀ ਬਣੀ। ਲੋਕ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਨਹਿਰ ’ਚ ਪਏ ਪਾੜ ਦੇ ਕੰਮ ਨੂੰ ਠੀਕ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਕਾਰਨ ਇਲਾਕੇ ਦੇ ਲੋਕਾਂ ’ਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਸਥਾਨਕ ਵਾਸੀ ਕੁਲਵਿੰਦਰ ਸਿੰਘ ਨੇ ਕਿਹਾ ਇਲਾਕੇ ਵਿੱਚ ਪਾਈਪ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਅਤੇ ਇਸੇ ਦੌਰਾਨ ਲਾਪਰਵਾਹੀ ਕਾਰਨ ਨਹਿਰ ਨੂੰ ਨੁਕਸਾਨ ਪਹੁੰਚਿਆ। ਨਹਿਰ ਦਾ ਪਾਣੀ ਕਈ ਘੰਟਿਆਂ ਤੱਕ ਲਗਾਤਾਰ ਵਗਦਾ ਰਿਹਾ, ਜਿਸ ਕਾਰਨ ਘਰਾਂ ਵਿੱਚ ਗੋਡਿਆਂ-ਗੋਡਿਆਂ ਤੱਕ ਪਾਣੀ ਭਰ ਗਿਆ ਅਤੇ ਲੋਕਾਂ ਦੇ ਘਰੇਲੂ ਸਾਮਾਨ ਨੂੰ ਨੁਕਸਾਨ ਪਹੁੰਚਿਆ।
ਮੌਕੇ ਉੱਤੇ ਪਹੁੰਚੇ ਵਿਧਾਇਕ
ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਸਰਫੇਸ ਵਾਟਰ ਦੀ ਨਹਿਰ ਦੇ ਹੇਠਾਂ ਬੋਰ ਕਰਕੇ ਪਾਈਪਾਂ ਪੁਸ਼ ਕਰਨ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਕਿਸੇ ਥਾਂ ਤੋਂ ਨਹਿਰ ਵਿੱਚ ਬਰੀਚ ਹੋ ਗਿਆ ਅਤੇ ਪਾਣੀ ਪਾਈਪਾਂ ਦੇ ਰਸਤੇ ਆਬਾਦੀ ਵੱਲ ਜਾਣ ਲੱਗ ਪਿਆ। ਸਥਿਤੀ ਨੂੰ ਕਾਬੂ ਕਰਨ ਲਈ ਨਹਿਰ ਵਿੱਚ ਪਾਣੀ ਦਾ ਪੱਧਰ ਘਟਾਇਆ ਗਿਆ ਹੈ ਅਤੇ ਇਸ ਨੂੰ ਹੋਰ ਘਟਾਉਣ ਦੀ ਕਾਰਵਾਈ ਜਾਰੀ ਹੈ। ਮੌਕੇ ’ਤੇ ਐਲ.ਐਂਡ.ਟੀ. ਦੀਆਂ ਟੀਮਾਂ ਤੋਂ ਇਲਾਵਾ ਏ.ਡੀ.ਸੀ., ਐਸ.ਡੀ.ਐਮ. ਅਤੇ ਵੱਡੀ ਗਿਣਤੀ ਵਿੱਚ ਸੇਵਾਦਾਰ ਮੌਜੂਦ ਹਨ। ਪਾੜ ਨੂੰ ਬੰਦ ਕਰਨ ਲਈ ਮਿੱਟੀ ਨਾਲ ਭਰੀਆਂ ਬੋਰੀਆਂ ਨਹਿਰ ਵਿੱਚ ਪਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਨੈੱਟ ਵੀ ਮੰਗਵਾਏ ਗਏ ਹਨ, ਜਿਨ੍ਹਾਂ ਵਿੱਚ ਬੋਰੀਆਂ ਬੰਨ੍ਹ ਕੇ ਪਾੜ ਵਾਲੀ ਥਾਂ ’ਤੇ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਸਾਂਸਦ ਨੇ ਦੱਸਿਆ ਪਾੜ ਪੈਣ ਦਾ ਮੁੱਖ ਕਾਰਨ
ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਕੋਟ ਮਿੱਤ ਸਿੰਘ ਵਾਲੇ ਤਰਨਤਾਰਨ ਰੋਡ ਦੇ ਪੁਲ ਅਤੇ ਸੁਲਤਾਨਵਿੰਡ ਇਲਾਕੇ ਵਿੱਚ ਪੁਰਾਣੇ ਸਮੇਂ ਦੀਆਂ ਬਣੀਆਂ ਪਾਈਪਾਂ ਸਹੀ ਢੰਗ ਨਾਲ ਬੰਦ ਜਾਂ ਕੈਪ ਨਾ ਹੋਣ ਕਾਰਨ ਪਾਣੀ ਬਾਹਰ ਨਿਕਲਿਆ। ਵਿਕਾਸ ਕਾਰਜਾਂ ਦੌਰਾਨ ਮਿੱਟੀ ਹਟਣ ਨਾਲ ਇਨ੍ਹਾਂ ਰਸਤਿਆਂ ਰਾਹੀਂ ਪਾਣੀ ਵੱਡੀ ਮਾਤਰਾ ਵਿੱਚ ਬਾਹਰ ਆਉਣ ਲੱਗਾ।
ਸਥਿਤੀ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ, ਸਰਕਾਰੀ ਟੀਮਾਂ ਅਤੇ ਸਥਾਨਕ ਲੋਕ ਮਿਲ ਕੇ ਕੰਮ ਕਰ ਰਹੇ ਹਨ। ਪਾਣੀ ਨੂੰ ਰੋਕਣ ਅਤੇ ਬਰੀਚ ਨੂੰ ਬੰਦ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਫਿਲਹਾਲ ਨਹਿਰ ਦਾ ਪਾਣੀ ਘਟਾਉਣ ਦੇ ਨਾਲ-ਨਾਲ ਪਾੜ ਵਾਲੀ ਥਾਂ ਨੂੰ ਬੰਦ ਕਰਨ ਦਾ ਕੰਮ ਜਾਰੀ ਹੈ ਅਤੇ ਸਥਿਤੀ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।
- PTC NEWS