ਟੋਕੀਓ ਪੈਰਾਉਲੰਪਿਕ: ਭਾਰਤ ਦੀ Avani Lekhara ਨੇ ਰਚਿਆ ਇਤਿਹਾਸ, ਜਿੱਤਿਆ ਸੋਨ ਤਗਮਾ
ਟੋਕੀਓ- ਟੋਕੀਓ ਪੈਰਾਉਲੰਪਿਕ ਵਿਚ ਭਾਰਤ ਦੀ ਅਵਨੀ ਲੇਖਰਾ ਨੇ ਸ਼ੂਟਿੰਗ ਵਿਚ ਸੋਨ ਤਗਮਾ ਜਿੱਤਿਆ ਹੈ। 19 ਸਾਲ ਦੀ ਇਸ ਸ਼ੂਟਰ ਨੇ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫ਼ਲ ਦੇ ਕਲਾਸ ਐਸ.ਐਸ.1 ਵਿਚ ਪਹਿਲਾ ਸਥਾਨ ਹਾਸਲ ਕੀਤਾ। ਪੈਰਾਉਲੰਪਿਕ ਦੇ ਇਤਿਹਾਸ ਵਿਚ ਭਾਰਤ ਦਾ ਸ਼ੂਟਿੰਗ ਵਿਚ ਇਹ ਪਹਿਲਾ ਸੋਨ ਤਗਮਾ ਹੈ। ਉਹਨਾਂ ਨੇ 249.6 ਅੰਕ ਹਾਸਲ ਕੀਤੇ।
ਜੈਪੁਰ ਦੀ ਰਹਿਣ ਵਾਲੀ ਅਵਨੀ ਪੈਰਾਲੰਪਿਕ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਹੈ। ਇਸ ਦੇ ਨਾਲ ਹੀ ਅਵਨੀ ਪੈਰਾਲੰਪਿਕ ਵਿਚ ਤਮਗਾ ਜਿੱਤਣ ਵਾਲੀ ਤੀਜੀ ਮਹਿਲਾ ਸ਼ੂਟਰ ਵੀ ਹੈ। ਟੋਕੀਓ ਪੈਰਾਲੰਪਿਕ ਖੇਡਾਂ ਵਿਚ ਇਹ ਭਾਰਤ ਦਾ ਹੁਣ ਤੱਕ ਦਾ ਚੌਥਾ ਤਮਗਾ ਹੈ।
ਅਵਨੀ ਅਤੇ ਉਸ ਦੇ ਪਿਤਾ 2012 ਵਿਚ ਇਕ ਹਾਦਸੇ ਦੌਰਾਨ ਜ਼ਖਮੀ ਹੋ ਗਏ ਸੀ। ਕੁਝ ਸਮੇਂ ਬਾਅਦ ਉਹਨਾਂ ਦੇ ਪਿਤਾ ਠੀਕ ਹੋ ਗਏ ਪਰ ਅਵਨੀ ਦੀ ਰੀੜ ਦੀ ਹੱਡੀ ਵਿਚ ਸੱਟ ਕਾਰਨ ਉਹ ਖੜ੍ਹੇ ਹੋਣ ਅਤੇ ਚੱਲਣ ਤੋਂ ਅਸਮਰੱਥ ਹੋ ਗਈ। ਉਦੋਂ ਤੋਂ ਹੀ ਉਹ ਵ੍ਹੀਲਚੇਅਰ 'ਤੇ ਹੈ। ਉਨ੍ਹਾਂ ਨੇ ਕਵਾਲੀਫਿਕੇਸ਼ਨ ਰਾਊਂਡ ਵਿਚ 621.7 ਦੇ ਕੁਲ ਸਕੋਰ ਦੇ ਨਾਲ 7ਵੇਂ ਸਥਾਨ 'ਤੇ ਫਾਈਨਲ ਲਈ ਕਵਾਲੀਫਾਈ ਕੀਤਾ। ਸ਼ੋਪੀਸ ਇਵੈਂਟ ਦੇ ਫਾਈਨਲ ਵਿਚ ਪਹੁੰਚਣ ਲਈ ਮੱਧਮ ਸ਼ੁਰੂਆਤ ਤੋਂ ਬਾਅਦ ਅਵਨੀ ਨੇ ਚੰਗੀ ਰਿਕਵਰੀ ਕੀਤੀ।
ਉਸ ਨੇ ਕਵਾਲੀਫਿਕੇਸ਼ਨ ਦੇ ਆਖਰੀ ਦੌਰ ਵਿਚ 104.1 ਸਕੋਰ ਕਰਨ ਤੋਂ ਪਹਿਲਾਂ ਖੇਡ ਵਿਚ ਆਉਣ ਦੇ ਆਪਣੇ ਤੀਜੇ ਅਤੇ ਚੌਥੀ ਕੋਸ਼ਿਸ਼ ਵਿਚ 104.9, 104.8 ਦਾ ਚੰਗਾ ਸਕੋਰ ਦਰਜ ਕੀਤਾ। ਦੱਸਣਯੋਗ ਹੈ ਕਿ ਇਸਦੇ ਨਾਲ ਹੀ ਯੋਗੇਸ਼ ਕਠੁਨੀਆ ਨੇ ਡਿਸਕਸ ਥ੍ਰੋਅ ਵਿਚ ਸਿਲਵਰ ਮੈਡਲ ਭਾਰਤ ਨਾਂ ਕੀਤਾ ਹੈ। ਹਾਲਾਂਕਿ, ਉਹ ਸੋਨ ਤਮਗੇ ਤੋਂ ਖੁੰਝ ਗਿਆ। ਯੋਗੇਸ਼ ਕਠੁਨੀਆ ਨੇ ਪੁਰਸ਼ ਡਿਸਕਸ ਥ੍ਰੋਅ ਐਫ 56 ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤਿਆ।
-PTC News