ਜੇਲ੍ਹ ’ਚ ਬੰਦ ਮਜੀਠੀਆ ਨੂੰ ਮਿਲਣ ਪੁੱਜੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ
ਚੰਡੀਗੜ੍ਹ : ਡਰੱਗ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨਿਆਂਇਕ ਹਿਰਾਸਤ ’ਚ ਹਨ। ਅੱਜ ਉਨ੍ਹਾਂ ਦਾ ਜਨਮਦਿਨ ਹੈ। ਇਸ ਕਾਰਨ ਸ਼੍ਰੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਜੀਠੀਆ ਨੂੰ ਮਿਲਣ ਲਈ ਪਹੁੰਚੇ। ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੋਵੇਂ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਪੁੱਜੇ।
ਇਸ ਦੌਰਾਨ ਜੇਲ੍ਹ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕੀਤੀ ਗਈ। ਨਾਲ ਹੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਜੇਲ੍ਹ ਅੱਗੇ ਲੰਗਰ ਵੀ ਲਗਾਇਆ ਗਿਆ। ਬਿਕਰਮ ਮਜੀਠੀਆ ਨੂੰ ਮਿਲਣ ਲਈ ਪਹੁੰਚੇ ਸੁਖਬੀਰ ਬਾਦਲ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਿਆ ਕਿਹਾ ਕਿ ਉਨ੍ਹਾਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਜਲਦ ਹੀ ਪੰਜਾਬ ਦੇ ਲੋਕ ਇਨ੍ਹਾਂ ਦੀਆਂ ਧੱਕੇਸ਼ਾਹੀਆਂ ਦਾ ਅੰਤ ਕਰ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ 10 ਮਾਰਚ ਨੂੰ ਸਭ ਸਾਫ ਹੋ ਜਾਵੇਗਾ ਜਦ ਕਾਂਗਰਸ ਦੇ ਧੱਕੇਸ਼ਾਹੀ ਵਾਲੇ ਰਾਜ ਦਾ ਅੰਤ ਹੋ ਜਾਵੇਗਾ। ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨਾਲ ਚਰਚਾ ਕੀਤੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਸਤੇ ਪਟਿਆਲਾ ਜੇਲ੍ਹ ਵਿੱਚ ਬੀਬੀ ਜਗੀਰ ਕੌਰ, ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਗਰੇਵਾਲ ਅਤੇ ਸੁਰਜੀਤ ਸਿੰਘ ਰੱਖੜਾ ਪਹੁੰਚੇ ਸਨ ਅਤੇ ਇਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ। ਇਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਪੁੱਜ ਰਹੇ ਹਨ।
ਇਹ ਵੀ ਪੜ੍ਹੋ : ਮਾਈਕ੍ਰੋਸਾਫਟ ਦੇ CEO ਸੱਤਿਆ ਨਡੇਲਾ ਦੇ ਪੁੱਤਰ ਦਾ 26 ਸਾਲ ਦੀ ਉਮਰ 'ਚ ਹੋਇਆ ਦਿਹਾਂਤ