ਦੇਸ਼- ਵਿਦੇਸ਼

ਸਿੱਖ ਧਰਮ ਗ੍ਰੰਥਾਂ ਨੂੰ ਵਤਨੋ ਬਾਹਰ ਲੈ ਕੇ ਜਾਣ 'ਤੇ ਤਾਲਿਬਾਨ ਨੇ ਲਾਈ ਪਾਬੰਦੀ

By Jasmeet Singh -- September 14, 2022 5:55 pm -- Updated:September 14, 2022 5:55 pm

ਅੰਮ੍ਰਿਤਸਰ, 14 ਸਤੰਬਰ: ਅਫਗਾਨਿਸਤਾਨ 'ਚ ਸੱਤਾ 'ਤੇ ਕਾਬਜ਼ ਤਾਲਿਬਾਨ ਸਰਕਾਰ ਨੇ ਸਿੱਖ ਧਰਮ ਗ੍ਰੰਥਾਂ ਨੂੰ ਦੇਸ਼ ਤੋਂ ਬਾਹਰ ਲਿਜਾਉਣ 'ਤੇ ਰੋਕ ਲਾ ਦਿੱਤੀ ਹੈ। 11 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਉਤਰਨ ਵਾਲਾ 60 ਅਫਗਾਨ ਸਿੱਖਾਂ ਦਾ ਇੱਕ ਸਮੂਹ ਆਪਣੇ ਨਾਲ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਦੋ ਸਾਂਚੀ ਸਾਹਿਬ ਦੇ ਸਰੂਪ ਲੈ ਕੇ ਭਾਰਤ ਪਰਤ ਰਿਹਾ ਸੀ ਪਰ ਹਕੂਮਤ-ਏ-ਤਾਲਿਬਾਨ ਨੇ ਇਸਦੀ ਇਜਾਜ਼ਤ ਨਹੀਂ ਦਿੱਤੀ।

ਜਾਣਕਾਰੀ ਮੁਤਾਬਕ ਅਫਗਾਨਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਸੂਚਨਾ ਅਤੇ ਸੱਭਿਆਚਾਰ ਮੰਤਰਾਲੇ ਤੋਂ ਅਧਿਕਾਰਤ ਮਨਜ਼ੂਰੀ ਦੀ ਘਾਟ ਕਾਰਨ ਪਵਿੱਤਰ ਗ੍ਰੰਥਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਜਾਣ 'ਤੇ ਪਾਬੰਦੀ ਲਗਾ ਦਿੱਤੀ ਸੀ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਲਈ ਤਾਲਿਬਾਨ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਕਦਮ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰਾਲੇ ਤੋਂ ਦਖਲ ਦੇਣ ਦੀ ਮੰਗ ਕੀਤੀ ਹੈ।

ਸਥਾਨਿਕ ਖ਼ਬਰਾਂ ਮੁਤਾਬਕ ਅਫਗਾਨ ਵਿਦੇਸ਼ ਮੰਤਰਾਲਾ ਇਸ ਗੱਲ 'ਤੇ ਅੜਿਆ ਹੋਇਆ ਹੈ ਕਿ ਜਦੋਂ ਤੱਕ ਅਫਗਾਨ ਸੱਭਿਆਚਾਰ ਅਤੇ ਸੂਚਨਾ ਮੰਤਰਾਲੇ ਤੋਂ ਅਧਿਕਾਰਤ ਪੁਸ਼ਟੀ ਪੱਤਰ ਪ੍ਰਾਪਤ ਨਹੀਂ ਹੁੰਦਾ, ਧਰਮ ਗ੍ਰੰਥਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਸੀ। ਇਸ ਦੌਰਾਨ ਇਹ ਵੀ ਪਤਾ ਲੱਗਿਆ ਕਿ ਅਫਗਾਨ ਸਿੱਖਾਂ ਨੇ ਆਪਣਾ ਨਿਕਾਸੀ ਪ੍ਰੋਗਰਾਮ ਉਦੋਂ ਤੱਕ ਮੁਲਤਵੀ ਕਰ ਦਿੱਤਾ ਜਦੋਂ ਤੱਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਧਰਮ ਗ੍ਰੰਥ ਆਪਣੇ ਨਾਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ।


-PTC News

  • Share