ਪਿੰਡ ਵਾਲਿਆਂ ਨੇ ਨਸ਼ਾ ਸਮੱਗਲਰ ਕਾਬੂ ਕਰ ਕੇ ਪੁਲਿਸ ਹਵਾਲੇ ਕੀਤੇ
ਲੁਧਿਆਣਾ : ਮਾਛੀਵਾੜਾ ਸਾਹਿਬ ਦੇ ਪਿੰਡ ਚੱਕੀ ਦੇ ਲੋਕਾਂ ਨੇ ਨਸ਼ਿਆਂ ਖ਼ਿਲਾਫ਼ ਖੁਦ ਬੀੜਾ ਚੁੱਕਦੇ ਹੋਏ ਪਿੰਡ ਵਿੱਚ ਨਸ਼ਾ ਵੇਚਣ ਆਏ ਤਿੰਨ ਸਮੱਗਲਰਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ। ਇਨ੍ਹਾਂ ਵਿੱਚੋਂ ਇੱਕ ਤਸਕਰ ਨੇ ਕੈਮਰੇ ਸਾਹਮਣੇ ਸਵੀਕਾਰ ਕੀਤਾ ਕਿ ਉਹ ਇੱਕ ਪੁਲਿਸ ਅਧਿਕਾਰੀ ਦੇ ਸਹਿਯੋਗ ਨਾਲ ਚਿੱਟਾ ਵੇਚਦਾ ਹੈ ਅਤੇ ਪੁਲਿਸ ਨੂੰ ਮਹੀਨਾ ਵੀ ਦਿੰਦਾ ਹੈ।
ਇੱਥੋਂ ਤੱਕ ਕਿ ਇਸ ਤਸਕਰ ਨੇ ਇਹ ਵੀ ਕਿਹਾ ਕਿ ਪੁਲਿਸ ਮੁਲਾਜ਼ਮ ਖ਼ੁਦ ਉਸ ਕੋਲੋਂ ਚਿੱਟਾ ਲੈ ਕੇ ਜਾਂਦਾ ਹੈ। ਫਿਲਹਾਲ ਪੁਲਿਸ ਨੇ ਇਨ੍ਹਾਂ ਤਿੰਨਾਂ ਸਮੱਲਗਰਾਂ ਖਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਚੱਕੀ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਅੰਦਰ ਕਈ ਦਿਨਾਂ ਤੋਂ ਬਾਹਰੀ ਲੋਕ ਆ ਕੇ ਨਸ਼ਾ ਵੇਚ ਰਹੇ ਸੀ। ਪਿੰਡ ਅੰਦਰ ਗੱਡੀਆਂ ਘੁੰਮ ਰਹੀਆਂ ਸਨ ਤਾਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਵਿਉਂਤਬੰਦੀ ਬਣਾਈ।
ਜਦੋਂ ਪਿੰਡ ਦੇ ਸਾਹਿਬ ਸਿੰਘ ਦੇ ਘਰ ਗੱਡੀ ਵਿੱਚ ਦੋ ਸਮੱਗਲਰ ਆ ਕੇ ਨਸ਼ਾ ਵੇਚਣ ਲੱਗੇ ਤਾਂ ਪਿੰਡ ਵਾਲਿਆਂ ਨੇ ਉਥੇ ਛਾਪਾ ਮਾਰਿਆ। ਸਮੱਗਲਰਾਂ ਦੇ ਬੈਗ ਵਿਚੋਂ ਚਿੱਟਾ ਤੋਲਣ ਵਾਸਤੇ ਵਰਤਿਆ ਜਾਣ ਵਾਲਾ ਛੋਟਾ ਕੰਡਾ, 1 ਗ੍ਰਾਮ ਸਮੈਕ ਤੇ ਸਮੈਕ ਪੀਣ ਲਈ ਵਰਤਿਆ ਜਾਣ ਵਾਲਾ ਪੇਪਰ, ਲਾਈਟਰ ਆਦਿ ਬਰਾਮਦ ਹੋਇਆ। ਇਸ ਮਗਰੋਂ ਪੁਲਿਸ ਨੂੰ ਬੁਲਾ ਕੇ ਇਨ੍ਹਾਂ ਸਮੱਗਲਰਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਮਾਛੀਵਾੜਾ ਸਾਹਿਬ ਥਾਣਾ ਦੇ ਮੁਖੀ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਸਾਬਕਾ ਸਰਪੰਚ ਦੀ ਸੂਚਨਾ ਮਗਰੋਂ ਪੁਲਿਸ ਟੀਮ ਨੇ ਮੌਕੇ ਉਤੇ ਤਿੰਨ ਸਮੱਗਲਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਕਾਰ ਦੀ ਤਲਾਸ਼ੀ ਲੈਣ ਉਪਰੰਤ ਡੈਸ਼ ਬੋਰਡ ਵਿਚੋਂ 9 ਗ੍ਰਾਮ ਸਮੈਕ ਬਰਾਮਦ ਹੋਈ ਸੀ। ਤਿੰਨਾਂ ਤਸਕਰਾਂ ਖਿਲਾਫ਼ 10 ਗ੍ਰਾਮ ਸਮੈਕ ਦਾ ਮੁਕੱਦਮਾ ਦਰਜ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਐਨਆਈਏ ਨੇ 5 ਖ਼ਾਲਿਸਤਾਨੀ ਅੱਤਵਾਦੀਆਂ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਖ਼ਲ