ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਹਰ ਪਾਸੇ ਖੁਸ਼ੀ ਦਾ ਮਾਹੌਲ, ਪੰਜਾਬ ਦੇ ਖਿਡਾਰੀਆਂ ਦੇ ਘਰਾਂ ’ਚ ਵੀ ਮਨਾਇਆ 'ਜਸ਼ਨ'
ਚੰਡੀਗੜ੍ਹ: ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਰਚੇ ਗਏ ਇਤਿਹਾਸ ਤੋਂ ਬਾਅਦ ਅੱਜ ਪੂਰਾ ਦੇਸ਼ ਜਸ਼ਨ ਮਨ ਰਿਹਾ ਹੈ। 41 ਸਾਲ ਬਾਅਦ ਭਾਰਤ ਨੇ ਓਲੰਪਿਕ 'ਚ ਮੈਡਲ ਜਿੱਤ ਕੇ ਦੁਨੀਆ ਭਰ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਹਾਕੀ ਖਿਡਾਰੀਆਂ ਦੇ ਘਰਾਂ ’ਚ ਜਸ਼ਨ ਤਮਗਾ ਜਿੱਤਣ ’ਤੇ ਪੰਜਾਬ ਵਿਚ ਜਗ੍ਹਾ-ਜਗ੍ਹਾ ਲੋਕਾਂ ਨੂੰ ਜਸ਼ਨ ਮਨਾਉਂਦੇ ਦੇਖਿਆ ਗਿਆ ਅਤੇ ਖਿਡਾਰੀਆਂ ਦੇ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ ਦਾ ਮਾਣ ਵਧਾਇਆ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਕ ਕਪਤਾਨ ਮਨਪ੍ਰੀਤ ਸਿੰਘ ਦੀ ਮਾਂ ਮਨਜੀਤ ਕੌਰ ਨੇ ਜਲੰਧਰ ਵਿਚ ਆਪਣੇ ਘਰ ਵਿਚ ਪੱਤਰਕਾਰਾਂ ਨੂੰ ਕਿਹਾ, ‘ਉਸ ਨੇ (ਮਨਪ੍ਰੀਤ) ਸਵੇਰੇ ਫੋਨ ਕੀਤਾ ਸੀ ਅਤੇ ਮੈਨੂੰ ਕਿਹਾ ਸੀ ਕਿ ਟੀਮ ਤਮਗਾ ਜਿੱਤੇਗੀ।’ ਮਨਜੀਤ ਕੌਰ ਨੇ ਇਹ ਮੁਕਾਬਲਾ ਟੈਲੀਵਿਜ਼ਨ ’ਤੇ ਦੇਖਿਆ ਅਤੇ ਇਸ ਨੂੰ ਦੇਖਣ ਦੇ ਬਾਅਦ ਉਹ ਭਾਵੁਕ ਹੋ ਗਈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਨੇ ਇੰਨੇ ਸਾਲਾਂ ਵਿਚ ਜੋ ਸਖ਼ਤ ਮਿਹਨਤ ਕੀਤੀ ਉਸ ਦਾ ਫਲ ਮਿਲਿਆ।
ਹੋਰ ਪੜ੍ਹੋ: 41 ਸਾਲ ਬਾਅਦ ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ, ਬਾਲੀਵੁੱਡ ਸਿਤਾਰਿਆਂ ਨੇ ਵੀ ਦਿੱਤੀਆਂ ਵਧਾਈਆਂ
ਉਧਰ ਗੁਰਜੰਟ ਸਿੰਘ ਦੇ ਪਰਿਵਾਰ ਵਾਲਿਆਂ ਨੇ ਟੀਮ ਦੇ ਕਾਂਸੀ ਤਮਗਾ ਜਿੱਤਣ ਦੇ ਬਾਅਦ ਅੰਮ੍ਰਿਤਸਰ ਵਿਚ ਆਪਣੇ ਘਰ ਵਿਚ ਜਸ਼ਨ ਮਨਾਇਆ।
ਜ਼ਿਕਰ ਏ ਖਾਸ ਹੈ ਕਿ ਭਾਰਤ ਨੇ ਟੋਕੀਓ ਓਲੰਪਿਕ ਵਿਚ ਵੀਰਵਾਰ ਨੂੰ ਕਾਂਸੀ ਤਮਗੇ ਦੇ ਪਲੇਅ ਆਫ ਮੁਕਾਬਲੇ ਵਿਚ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ। ਭਾਰਤ ਨੇ ਇਸ ਤੋਂ ਪਹਿਲਾਂ 1980 'ਚ ਓਲੰਪਿਕ 'ਚ ਮੈਡਲ ਜਿੱਤਿਆ ਸੀ। 41 ਸਾਲਾਂ ਬਾਅਦ ਹਾਕੀ 'ਚ ਹਾਸਲ ਕੀਤੀ ਜਿੱਤ ਨੂੰ ਲੈ ਕੇ ਹਰ ਦੇਸ਼ ਵਾਸੀ ਬਹੁਤ ਖ਼ੁਸ਼ ਹੈ।
-PTC News