ਸ੍ਰੀ ਮੁਕਤਸਰ ਸਾਹਿਬ: ਪਿੰਡ ਬੁੱਟਰ ਸ਼ਰੀਂਹ ਨੇੜੇ ਤੜਕਸਾਰ ਭਿਆਨਕ ਹਾਦਸਾ ਹੋਣ ਦੀ ਖ਼ਬਰ ਹੈ। ਬਠਿੰਡਾ-ਮੁਕਤਸਰ ਸੜਕ 'ਤੇ ਇੱਕ ਅਲਟੋ ਕਾਰ ਦੇ ਦਰੱਖਤ 'ਚ ਵੱਜਣ ਕਾਰਨ 4 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਹੈ, ਜਦਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ।ਕਾਰ ਸਵਾਰ ਇੱਕੋ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਸਵਾਰ ਮੈਂਬਰਾਂ 'ਚ ਮਾਤਾ-ਪਿਤਾ ਤੇ ਪੁੱਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਕਾਰ ਵਿੱਚ 5 ਲੋਕ ਸਵਾਰ ਦੱਸੇ ਜਾ ਰਹੇ ਹਨ।ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਕਾਰ ਵਿੱਚ ਸਵਾਰ ਵਿਅਕਤੀ ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਆ ਰਹੇ ਸਨ। ਇਸ ਦੌਰਾਨ ਕਾਰ ਬੇਕਾਬੂ ਹੋ ਕੇ ਸਿੱਧੀ ਦਰੱਖਤ ਵਿੱਚ ਜਾ ਵੱਜੀ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਸਵਾਰ ਬਠਿੰਡਾ ਵਿਖੇ ਦੀਵਾਨ ਵਿਚ ਹਾਜ਼ਰੀ ਭਰਨ ਗਏ ਸਨ ਅਤੇ ਵਾਪਸੀ ਦੌਰਾਨ ਸਵੇਰੇ ਸੱਤ ਵਜੇ ਦੇ ਕਰੀਬ ਹਾਦਸਾ ਵਾਪਰ ਗਿਆ।