ਤੇਜ਼ਧਾਰ ਹਥਿਆਰਾਂ ਨਾਲ ਔਰਤ ਦਾ ਕਤਲ, ਪੁਲਿਸ ਵੱਲੋਂ ਜਾਂਚ ਸ਼ੁਰੂ
ਤਰਨਤਾਰਨ : ਤਰਨਤਾਰਨ ਦੀ ਪਾਰਕ ਐਵਨਿਉ ਕਲੋਨੀ ਵਿਖੇ ਬੀਤੀ ਰਾਤ ਤੇਜ਼ਧਾਰ ਹਥਿਆਰ ਨਾਲ ਔਰਤ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੀ ਪਛਾਣ ਸਰਬਜੀਤ ਕੌਰ ਵਜੋਂ ਹੋਈ ਹੈ। ਮ੍ਰਿਤਕ ਔਰਤ ਦਾ ਪਤੀ ਜਸਬੀਰ ਸਿੰਘ ਫੌਜ ਵਿੱਚ ਨੌਕਰੀ ਕਰਦਾ ਸੀ। ਬੀਤੀ ਰਾਤ ਜਦ ਉਹ ਘਰ ਆਇਆ ਤਾਂ ਉਸ ਨੇ ਸਰਬਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਕਤਲ ਹੋਣ ਦੀ ਸੂਚਨਾ ਦਿੱਤੀ ਗਈ ਤੇ ਪੁਲਿਸ ਨੂੰ ਮੌਕੇ ਉਤੇ ਬੁਲਾਇਆ ਗਿਆ। ਪੁਲਿਸ ਵੱਲੋਂ ਮੌਕੇ ਉਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ ਮ੍ਰਿਤਕ ਸਰਬਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਸਰਬਜੀਤ ਕੌਰ ਦੇ ਪਤੀ ਤੇ ਉਸਨੂੰ ਘਰੇਲੂ ਝਗੜੇ ਕਾਰਨ ਕਤਲ ਕਰਨ ਦੇ ਦੋਸ਼ ਲਗਾਉਂਦਿਆ ਇਨਸਾਫ਼ ਦੀ ਮੰਗ ਕੀਤੀ ਹੈ। ਸਰਬਜੀਤ ਕੌਰ ਦਾ ਪਤੀ ਫ਼ੌਜ ਵਿੱਚ ਨੌਕਰੀ ਕਰਦਾ ਸੀ ਜਦ ਉਹ ਡਿਊਟੀ ਉਤੇ ਚਲਾ ਜਾਂਦਾ ਸੀ ਤਾਂ ਸਰਬਜੀਤ ਆਪਣੇ ਬੇਟੇ ਨੂੰ ਲੈ ਕੇ ਆਪਣੇ ਪੇਕੇ ਪਿੰਡ ਮਾਨੋਚਾਹਲ ਚਲੀ ਜਾਂਦੀ ਸੀ ਜਦ ਉਸਦਾ ਪਤੀ ਜਸਬੀਰ ਸਿੰਘ ਛੁੱਟੀ ਉਤੇ ਘਰ ਆਉਂਦਾ ਸੀ ਤਾਂ ਉਹ ਵਾਪਸ ਤਰਨਤਾਰਨ ਆਪਣੀ ਕੋਠੀ ਵਿਖੇ ਰਹਿਣ ਲਈ ਆ ਜਾਂਦੀ ਸੀ। ਬੀਤੇ ਦਿਨ ਵੀ ਉਸ ਨੂੰ ਉਸਦੇ ਪਤੀ ਜਸਬੀਰ ਸਿੰਘ ਦਾ ਫੋਨ ਆਇਆ ਤਾਂ ਉਹ ਘਰੋਂ ਤਰਨਤਾਰਨ ਆ ਗਈ ਸੀ। ਰਾਤ ਉਸ ਦੇ ਪਤੀ ਜਸਬੀਰ ਸਿੰਘ ਨੇ ਪੁਲਿਸ ਨੂੰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਦੱਸਿਆ ਕਿ ਸਰਬਜੀਤ ਕੌਰ ਦਾ ਕਤਲ ਹੋ ਗਿਆ ਹੈ ਅਤੇ ਲਾਸ਼ ਘਰ ਵਿੱਚ ਪਈ ਹੈ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉੱਧਰ ਮ੍ਰਿਤਕ ਸਰਬਜੀਤ ਕੌਰ ਦੇ ਭਰਾ ਅਤੇ ਮਾਂ ਨੇ ਦੱਸਿਆ ਕਿ ਸਰਬਜੀਤ ਕੌਰ ਉਨ੍ਹਾਂ ਕੋਲ ਆਪਣੇ ਬੱਚੇ ਨਾਲ ਰਹਿੰਦੀ ਸੀ ਜਦ ਉਨ੍ਹਾਂ ਦਾ ਜਵਾਈ ਛੁੱਟੀ ਆਉਂਦਾ ਸੀ ਤਾਂ ਉਹ ਵਾਪਸ ਤਰਨਤਾਰਨ ਆ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਸਰਬਜੀਤ ਕੌਰ ਦਾ ਪਤੀ ਨਸ਼ਾ ਕਰਦਾ ਸੀ ਤੇ ਉਹ ਉਸਨੂੰ ਡੱਕਦੀ ਸੀ ਜਿਸ ਕਾਰਨ ਅਕਸਰ ਹੀ ਘਰ ਵਿੱਚ ਕਲੇਸ਼ ਰਹਿੰਦਾ ਸੀ ਅਤੇ ਉਨ੍ਹਾਂ ਦੇ ਜਵਾਈ ਵੱਲੋਂ ਸਰਬਜੀਤ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਕਈ ਵਾਰ ਤਾਂ ਉਨ੍ਹਾਂ ਦੇ ਘਰੇ ਹੀ ਸਰਬਜੀਤ ਦੇ ਪਤੀ ਨੇ ਉਨ੍ਹਾਂ ਦੇ ਸਾਹਮਣੇ ਉਸਨੂੰ ਕੁੱਟਿਆ ਸੀ ਪਰ ਉਹ ਸਰਬਜੀਤ ਦਾ ਘਰ ਵੱਸਦਾ ਰਹਿਣ ਕਰ ਕੇ ਚੁੱਪ ਰਹੇ ਸਨ। ਸਰਬਜੀਤ ਦੇ ਮਾਪਿਆਂ ਨੇ ਕਿਹਾ ਕਿ ਉਸ ਦਾ ਕਤਲ ਉਸਦੇ ਪਤੀ ਜਸਬੀਰ ਸਿੰਘ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਸਰਬਜੀਤ ਕੌਰ ਦੇ ਕਤਲ ਲਈ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਉੱਧਰ ਤਰਨਤਾਰਨ ਦੀ ਥਾਣਾ ਸਿਟੀ ਪੁਲਿਸ ਵੱਲੋਂ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਉਪਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਫਿਲਹਾਲ ਮ੍ਰਿਤਕ ਸਰਬਜੀਤ ਕੌਰ ਦੇ ਪਤੀ ਜਸਬੀਰ ਸਿੰਘ ਦੇ ਬਿਆਨਾਂ ਉਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ : ਸ਼ਰਾਬ ਦੇ ਸ਼ੌਂਕੀਨਾਂ ਲਈ ਖ਼ੁਸ਼ਖ਼ਬਰੀ, ਚੰਡੀਗੜ੍ਹ 'ਚ 3 ਵਜੇ ਤੱਕ ਖੁੱਲ੍ਹਣਗੇ ਨਾਇਟ ਕਲੱਬ ਤੇ ਬੀਅਰ ਬਾਰ