ਪੰਜਾਬ ਦੇ ਉਦਯੋਗਪਤੀਆਂ ਤੇ ਸਨਅਤਕਾਰਾਂ ਵੱਲੋਂ ਬਿਜਲੀ ਦਰਾਂ 'ਚ ਵਾਧਾ ਨਾ ਕਰਨ ਦੀ ਅਪੀਲ
ਜਲੰਧਰ, 12 ਜਨਵਰੀ (ਪਤਰਸ ਮਸੀਹ): ਪਾਵਰਕੌਮ ਵੱਲੋਂ ਬਿਜਲੀ ਦਰਾਂ ਵਿੱਚ ਵਾਧੇ ਦੀ ਮੰਗ ਦਾ ਮਾਮਲਾ ਇੱਕ ਵਾਰ ਫ਼ਿਰ ਸੁਰਖੀਆਂ 'ਚ ਹੈ। ਦੱਸ ਦੇਈਏ ਕਿ ਪੰਜਾਬ ਸਟੇਟ ਇਲੈਕਟਰੀਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਅੱਜ ਜਲੰਧਰ ਵਿੱਚ ਉਦਯੋਗਪਤੀਆਂ ਅਤੇ ਵੱਖ-ਵੱਖ ਵਰਗਾਂ ਨਾਲ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਜਿਸ ਵਿੱਚ ਵਿੱਤੀ ਵਰ੍ਹੇ 2023-24 ਵਿੱਚ ਬਿਜਲੀ ਦਰਾਂ ਦੇ ਵਾਧੇ ਲਈ ਛੋਟੇ ਤੇ ਵੱਡੇ ਸਨਅਤਕਾਰਾਂ ਵੱਲੋਂ ਉਨ੍ਹਾਂ ਦੇ ਸੁਝਾਅ ਮੰਗੇ ਗਏ ਨੇ ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਜਿਹੜੇ ਕੋਈ ਇਤਰਾਜ਼ ਹਨ, ਉਹ ਵੀ ਬਿਆਨ ਕਰਨ ਨੂੰ ਆਖਿਆ। ਇਸ ਦੇ ਨਾਲ ਹੈ ਮਹਿੰਗੀ ਬਿਜਲੀ ਦਰਾਂ ਤੋਂ ਤੰਗ ਉਦਯੋਗਪਤੀਆਂ ਤੇ ਸਨਅਤਕਾਰਾਂ ਨੇ ਕਮਿਸ਼ਨ ਨੂੰ ਅਪੀਲ ਵੀ ਕੀਤੀ ਕਿ ਬਿਜਲੀ ਦਰਾਂ ਵਿੱਚ ਵਾਧਾ ਨਾ ਕੀਤਾ ਜਾਵੇ। ਉਨ੍ਹਾਂ ਸਰਕਾਰ ਨੂੰ ਇਹ ਵੀ ਯਾਦ ਕਰਵਾਇਆ ਕਿ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਜਿਹੜਾ ਉਨ੍ਹਾਂ ਨਾਲ ਕੀਤਾ ਗਿਆ ਸੀ ਪਰ ਅੱਜੇ ਤੱਕ ਵੀ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਮੀਟਿੰਗ ਦੇ ਅੰਤ 'ਚ ਰੈਗੂਲੇਟਰੀ ਕਮਿਸ਼ਨ ਵੱਲੋਂ ਹੁਣ 16 ਜਨਵਰੀ ਨੂੰ ਮੰਡੀ ਗੋਬਿੰਦਗੜ੍ਹ ਵਿੱਚ ਖਪਤਕਾਰਾਂ ਨਾਲ ਵਿਸ਼ੇਸ਼ ਮੀਟਿੰਗ ਸੱਦੀ ਗਈ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਮੁੱਦੇ 'ਤੇ ਕੀ ਕਦਮ ਚੁੱਕਦੀ ਹੈ।
- PTC NEWS