Amritsar News: ਨਾਨੇ ਨੇ 8 ਸਾਲਾਂ ਦੋਹਤੇ ਨੂੰ ਨਹਿਰ ’ਚ ਮਾਰਿਆ ਧੱਕਾ, ਇਸ ਕਾਰਨ ਦਿੱਤਾ ਵਾਰਦਾਤ ਨੂੰ ਅੰਜਾਮ
Grandfather Killed Grandson:ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਤੋ ਇੱਕ ਦੁੱਖਦਾਈ ਘਟਨਾ ਸਾਹਮਣੇ ਆਈ ਹੈ। ਜਿਸ ’ਚ ਇੱਕ ਨਾਨੇ ਵੱਲੋਂ ਆਪਣੇ ਦੋਹਤੇ ਨੂੰ ਨਹਿਰ ’ਚ ਸੁੱਟ ਦਿੱਤਾ ਗਿਆ। ਇਨ੍ਹਾਂ ਹੀ ਨਹੀਂ ਬਾਅਦ ’ਚ ਉਸਦੀ ਗੁੰਮਸ਼ੁਦਗੀ ਦੀ ਵੀ ਰਿਪੋਰਟ ਦਰਜ ਕਰਵਾਈ ਗਈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਨਹਿਰ ’ਚ ਗੋਤਾਖੋਰਾਂ ਵੱਲੋਂ ਬੱਚੇ ਨੂੰ ਲੱਭਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਲ ਸਚੰਦਰ ਦੀ ਹੈ ਜਿੱਥੇ ਮਾਤਾ ਪਿਤਾ ਦੇ ਝਗੜਿਆਂ ਦੇ ਚੱਲਦਿਆਂ 8 ਸਾਲਾਂ ਮਾਸੂਮ ਆਪਣੀ ਮਾਂ ਦੇ ਨਾਲ ਨਾਨੇ ਕੋਲ ਪਿੰਡ ਮੀਰਾਂਕੋਟ ਵਿਖੇ ਰਹਿ ਰਿਹਾ ਸੀ। ਉਸਦੇ ਮਾਤਾ ਪਿਤਾ ਦੇ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵਜੋਂ ਬੀਤੇ ਦਿਨ ਦੋਹਾਂ ਵਿਚਾਲੇ ਰਾਜੀਨਾਮਾ ਕਰਵਾਇਆ ਗਿਆ ਸੀ। ਪਰ ਇਸ ਰਾਜੀਨਾਮੇ ਤੋਂ ਕੁੜੀ ਦਾ ਪਿਓ ਖੁਸ਼ ਨਹੀਂ ਸੀ। ਜਿਸ ਦੇ ਕਾਰਨ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਸਹੁਰਾ ਆਪਣੇ ਜਵਾਈ ਤੋਂ ਨਫਰਤ ਕਰਦਾ ਸੀ ਜਿਸ ਕਾਰਨ ਉਹ ਆਪਣੀ ਧੀ ਜਵਾਈ ਦੇ ਰਾਜੀਨਾਮੇ ਤੋਂ ਖੁਸ਼ ਨਹੀਂ ਸੀ। ਜਵਾਈ ਨਾਲ ਰੰਜਿਸ਼ ਕੱਢਣ ਲਈ ਅਮਰਜੀਤ ਸਿੰਘ ਨੇ ਦੋਹਤੇ ਨੂੰ ਨਿਸ਼ਾਨਾ ਬਣਾਇਆ। ਉਸ ਨੂੰ ਗੋਲਗੱਪੇ ਖਿਲਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਜਗਦੇਵ ਕਲਾਂ ਵਾਲੀ ਨਹਿਰ ’ਚ ਧੱਕਾ ਦੇ ਦਿੱਤਾ। ਨਾਲ ਹੀ ਥਾਣੇ ’ਚ ਜਾ ਕੇ ਗੁਮਸ਼ੁਦਗੀ ਦੀ ਰਿਪੋਰਟ ਵੀ ਲਿਖਵਾ ਦਿੱਤੀ।
ਹਾਲਾਂਕਿ ਪਰਿਵਾਰ ਨੇ ਸ਼ੱਕ ਪੈਣ ’ਤੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੁਲਿਸ ਦੇ ਸਖਤੀ ਨਾਲ ਪੁੱਛਣ ’ਤੇ ਬੱਚੇ ਦੇ ਨਾਨੇ ਵੱਲੋਂ ਆਪਣੇ ਜੁਰਮ ਕਬੂਲ ਲਿਆ ਗਿਆ। ਫਿਲਹਾਲ ਗੋਤਾਖੋਰਾਂ ਵੱਲੋਂ ਨਹਿਰ ’ਚ ਸੁੱਟੇ ਮਾਸੂਮ ਦੀ ਭਾਲ ਕੀਤੀ ਜਾ ਰਹੀ ਹੈ।
-ਰਿਪੋਰਟਰ ਮਨਿੰਦਰ ਮੋਂਗਾ ਦੇ ਸਹਿਯੋਗ ਨਾਲ...
ਇਹ ਵੀ ਪੜ੍ਹੋ: ਸੁਖਜਿੰਦਰ ਸਿੰਘ ਰੰਧਾਵਾ ਦੇ ਮੁੰਡੇ 'ਤੇ ਕਿਉਂ ਲੱਗ ਰਹੇ ਅਗਵਾ ਕਰਨ ਦੇ ਇਲਜ਼ਾਮ? ਜਾਣੋ ਕੀ ਹੈ ਪੂਰਾ ਮਾਮਲਾ
- PTC NEWS