Sat, May 18, 2024
Whatsapp

Sidhu Moosewala: ਗਾਇਕੀ ਤੋਂ ਬਾਅਦ ਸਿਆਸਤ 'ਚ ਕਿਸਮਤ ਅਜ਼ਮਾਉਣ ਵਾਲੇ ਸਿੱਧੂ ਮੂਸੇਵਾਲਾ ਨੂੰ ਨਹੀਂ ਮਿਲੀ ਸੀ ਕਾਮਯਾਬੀ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਪਿੰਡ ਦੀ ਸਰਪੰਚੀ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। ਸੂਬੇ ’ਚ 2018 ਨੂੰ ਹੋਈਆਂ ਪੰਚਾਇਤੀ ਚੋਣਾਂ ’ਚ ਉਸ ਦੀ ਮਾਤਾ ਚਰਨ ਕੌਰ ਪਿੰਡ ਮੂਸੇਵਾਲਾ ਤੋਂ ਸਰਪੰਚ ਦੀ ਚੋਣ ਜਿੱਤੇ ਸਨ।

Written by  Ramandeep Kaur -- May 27th 2023 11:24 AM -- Updated: May 27th 2023 12:18 PM
Sidhu Moosewala: ਗਾਇਕੀ ਤੋਂ ਬਾਅਦ ਸਿਆਸਤ 'ਚ ਕਿਸਮਤ ਅਜ਼ਮਾਉਣ ਵਾਲੇ ਸਿੱਧੂ ਮੂਸੇਵਾਲਾ ਨੂੰ ਨਹੀਂ ਮਿਲੀ ਸੀ ਕਾਮਯਾਬੀ

Sidhu Moosewala: ਗਾਇਕੀ ਤੋਂ ਬਾਅਦ ਸਿਆਸਤ 'ਚ ਕਿਸਮਤ ਅਜ਼ਮਾਉਣ ਵਾਲੇ ਸਿੱਧੂ ਮੂਸੇਵਾਲਾ ਨੂੰ ਨਹੀਂ ਮਿਲੀ ਸੀ ਕਾਮਯਾਬੀ

Sidhu Moosewala:  ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਪਿੰਡ ਦੀ ਸਰਪੰਚੀ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। ਸੂਬੇ ’ਚ 2018 ਨੂੰ ਹੋਈਆਂ ਪੰਚਾਇਤੀ ਚੋਣਾਂ ’ਚ ਉਸ ਦੀ ਮਾਤਾ ਚਰਨ ਕੌਰ ਪਿੰਡ ਮੂਸੇਵਾਲਾ ਤੋਂ ਸਰਪੰਚ ਦੀ ਚੋਣ ਜਿੱਤੇ ਸਨ। ਜਿਸ ਤੋਂ ਬਾਅਦ 3 ਦਸੰਬਰ 2021 ਨੂੰ ਸਿੱਧੂ ਮੂਸੇਵਾਲਾ ਨੇ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਸੀ।

ਉਸ ਸਮੇਂ ਉਨ੍ਹਾਂ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਵੱਲੋਂ ਸਿੱਧੂ ਮੂਸੇਵਾਲਾ ਦਾ ਪਾਰਟੀ 'ਚ ਸੁਆਗਤ ਕੀਤਾ ਗਿਆ। ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਮਗਰੋਂ 10 ਦਸੰਬਰ ਨੂੰ ਮਾਨਸਾ 'ਚ ਕਾਂਗਰਸ ਵੱਲੋਂ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਨਾਲ ਸਿੱਧੂ ਮੂਸੇਵਾਲਾ ਦੇ ਹੱਕ 'ਚ ਰੈਲੀ ਵੀ ਕੀਤੀ ਗਈ। ਕਾਂਗਰਸ ਵੱਲੋਂ ਉਨ੍ਹਾਂ ਨੂੰ ਮਾਨਸਾ ਤੋਂ ਟਿਕਟ ਦੇਣ ਨੂੰ ਲੈ ਕੇ ਸਥਾਨਕ ਕਾਂਗਰਸੀਆਂ ਨੇ ਕਾਫ਼ੀ ਵਿਰੋਧ ਕੀਤਾ ਸੀ। ਪਰ ਫਿਰ ਵੀ ਉਨ੍ਹਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ। 



ਸਿੱਧੂ ਮੂਸੇਵਾਲਾ ਨੇ ਸਿਆਸੀ ਐਂਟਰੀ ਬਾਰੇ ਕੀ ਕਿਹਾ ਸੀ

ਕਾਂਗਰਸ ਦਾ ਹੱਥ ਫੜ੍ਹਨ ਵੇਲੇ ਸਿੱਧੂ ਮੂਸੇਵਾਲਾ ਨੇ ਕਿਹਾ ਸੀ, "ਅੱਜ ਤੋਂ 3-4 ਸਾਲ ਪਹਿਲਾਂ ਮੈਂ ਸੰਗੀਤ ਸ਼ੁਰੂ ਕੀਤਾ ਸੀ। ਅੱਜ ਚਾਰ ਸਾਲਾਂ ਬਾਅਦ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਕਦਮ ਚੁੱਕਣ ਜਾ ਰਿਹਾ ਹਾਂ, ਇੱਕ ਨਵਾਂ ਕਿੱਤਾ, ਇੱਕ ਨਵੀਂ ਦੁਨੀਆਂ, ਜਿਸ ਵਿੱਚ ਮੇਰੀ ਸ਼ੁਰੂਆਤ ਹੈ। ਮੇਰਾ ਲਗਾਅ ਪਿੰਡ ਨਾਲ ਰਿਹਾ, ਅਸੀਂ ਆਮ ਪਰਿਵਾਰਾਂ 'ਚੋਂ ਉੱਠੇ ਹੋਏ ਲੋਕ ਹਾਂ।

ਮੇਰੇ ਪਿਤਾ ਜੀ ਫੌਜ ਵਿੱਚ ਰਹੇ ਹਨ, ਪਰਮਾਤਮਾ ਨੇ ਬਹੁਤ ਤਰੱਕੀ ਦਿੱਤੀ ਤੇ ਅਜੇ ਵੀ ਅਸੀਂ ਉਸੇ ਪਿੰਡ ਵਿੱਚ ਰਹਿ ਰਹੇ ਹਾਂ। ਕਾਂਗਰਸ 'ਚ ਸ਼ਾਮਲ ਹੋਣ ਦਾ ਬਹੁਤ ਵੱਡਾ ਕਾਰਨ ਹੈ। ਪਹਿਲੀ ਗੱਲ ਇਹ ਕਿ ਜਿਹੜੀ ਪੰਜਾਬ ਕਾਂਗਰਸ ਹੈ ਜਾਂ ਕਾਂਗਰਸ ਹੈ, ਇਸ ਵਿੱਚ ਉਹ ਲੋਕ ਨੇ ਜਿਹੜੇ ਆਮ ਘਰਾਂ ਤੋਂ ਉੱਠੇ ਹੋਏ ਹਨ। ਮੁੱਖ ਵਜ੍ਹਾ ਇਹ ਹੈ ਕਿ ਇੱਥੇ ਕੋਈ ਵੀ ਮਿਹਨਤਕਸ਼ ਆਦਮੀ ਆਪਣੀ ਆਵਾਜ਼ ਬੁਲੰਦ ਕਰ ਸਕਦਾ ਹੈ ਤੇ ਵਿਕਾਸ ਕਰ ਸਕਦਾ ਹੈ।

ਕਾਂਗਰਸ ਵੱਲੋਂ ਮਾਨਸਾ ਤੋਂ ਮਿਲੀ ਸੀ ਟਿਕਟ

ਦੱਸ ਦਈਏ ਕਿ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ 'ਚ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਟਿਕਟ ਦਿੱਤੀ ਗਈ ਸੀ। ਜਦਕਿ ਆਮ ਆਦਮੀ ਪਾਰਟੀ ਵੱਲੋਂ ਡਾ. ਵਿਜੇ ਸਿੰਗਲਾ ਨੂੰ ਟਿਕਟ ਦਿੱਤੀ ਗਈ ਸੀ। ਹਾਲਾਂਕਿ ਸਿੱਧੂ ਮੂਸੇਵਾਲਾ ਵੱਲੋਂ ਪਹਿਲੀ ਵਾਰ ਹੀ ਚੋਣ ਲੜੀ ਗਈ ਸੀ ਅਤੇ ਉਹ ਹਾਰ ਗਏ ਸਨ।

ਉਨ੍ਹਾਂ ਨੂੰ ਮਾਨਸਾ ਤੋਂ ਕੁਲ 36700 ਵੋਟਾਂ ਹਾਸਲ ਹੋਈਆਂ ਸਨ। ਜਦਕਿ 'ਆਪ' ਦੇ ਉਮੀਦਵਾਰ ਡਾ. ਵਿਜੇ ਸਿੰਗਲਾ ਤੋਂ 63323 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ। ਉੱਥੇ ਹੀ ਆਪਣੀ ਹਾਰ ਤੋਂ ਬਾਅਦ ਉਨ੍ਹਾਂ ਵੱਲੋਂ ਚੋਣਾਂ 'ਤੇ ਗੀਤ ਵੀ ਕੱਢਿਆ ਗਿਆ। ਇਸ ਤੋਂ ਇਲਾਵਾ ਥੋੜੇ ਸਮੇਂ ਬਾਅਦ ਹੀ ਡਾ. ਵਿਜੇ ਸਿੰਗਲਾ ਨੂੰ ਮੰਤਰੀ ਅਹੁਦੇ ਤੋਂ ਵੀ ਬਰਖ਼ਾਸਤ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਵਿਅੰਗ ਕੀਤਾ ਗਿਆ ਸੀ।

ਰਾਜਨੀਤੀ 'ਚ ਨਹੀਂ ਮਿਲੀ ਕਾਮਯਾਬੀ

ਸਿੱਧੂ ਮੂਸੇਵਾਲਾ ਨੇ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸਿਆਸਤ ਵਿੱਚ ਹੱਥ ਅਜ਼ਮਾਇਆ ਸੀ। ਇਸ ਦੌਰਾਨ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਮਾਨਸਾ ਤੋਂ ਵਿਧਾਇਕ ਦੀ ਚੋਣ ਲੜੀ। ਉਂਜ ਸਿੱਧੂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜੋ ਕਾਮਯਾਬੀ ਮਿਲੀ, ਉਹ ਸਿਆਸਤ ਵਿੱਚ ਨਹੀਂ ਮਿਲ ਸਕੀ। ਲੋਕਾਂ ਦੇ ਚਹੇਤੇ ਕਲਾਕਾਰ ਹੋਣ ਦੇ ਬਾਵਜੂਦ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਸਿੱਧੂ ਨੂੰ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਡਾਕਟਰ ਵਿਜੇ ਸਿੰਗਲਾ ਤੋਂ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਕੌਣ ਸੀ ਸਿੱਧੂ ਮੂਸੇਵਾਲਾ

ਤਕਰੀਬਨ ਚਾਰ ਸਾਲ ਪਹਿਲਾਂ ਪੰਜਾਬੀ ਮਨੋਰੰਜਨ ਜਗਤ 'ਚ ਆਏ ਸ਼ੁਭਦੀਪ ਸਿੰਘ ਸਿੱਧੂ ਬੜੀ ਤੇਜ਼ੀ ਨਾਲ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਹੋਏ।ਸਿੱਧੂ ਮੂਸੇਵਾਲਾ ਦਾ ਪਿੰਡ ਜ਼ਿਲ੍ਹਾ ਮਾਨਸਾ 'ਚ ਪੈਂਦਾ ਮੂਸਾ ਹੈ। ਸਿੱਧੂ ਮੂਸੇਵਾਲਾ ਦੀ ਚਰਚਾ ਸਾਲ 2018 ਤੋਂ ਜ਼ਿਆਦਾ ਹੋਣ ਲੱਗੀ ਜਦੋਂ ਬੰਦੂਕ ਸੱਭਿਆਚਾਰ ਸਬੰਧੀ ਕਈ ਗੀਤ ਆਏ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਮੂਸਾ ਪਿੰਡ ਦੇ ਸਰਪੰਚ ਹਨ।

ਸਰਪੰਚੀ ਦੀਆਂ ਚੋਣਾਂ ਦੌਰਾਨ ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਲਈ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਸੀ। ਸਮਾਂ ਅਜਿਹਾ ਆ ਗਿਆ ਸੀ ਕਿ ਉਨ੍ਹਾਂ ਨੇ ਵੀ ਸਿਆਸਤ 'ਚ ਪੈਰ ਧਰ ਲਿਆ ਸੀ। ਰਿਪੋਰਟ ਮੁਤਾਬਕ ਸਿੱਧੂ ਨੇ ਸਰਦਾਰ ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਨਾਨ ਮੈਡੀਕਲ ਨਾਲ ਕੀਤੀ ਹੈ। ਇਸ ਮਗਰੋਂ ਉਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ 'ਚ ਇੱਕ ਸਾਲ ਦਾ ਡਿਪਲੋਮਾ ਕੈਨੇਡਾ ਵਿੱਚ ਕੀਤਾ।


ਬਚਪਨ ਤੋਂ ਹੀ ਸੰਗੀਤ ਦਾ ਸ਼ੌਕੀਨ

ਸ਼ੁਭਦੀਪ ਸਿੰਘ ਸਿੱਧੂ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦਾ ਰਹਿਣ ਵਾਲਾ ਸੀ। ਉਹ ਇੱਕ ਸਿੱਖ ਪਰਿਵਾਰ ਵਿੱਚ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਘਰ 11 ਜੂਨ 1993 ਪੈਦਾ ਹੋਇਆ। ਉਨ੍ਹਾਂ ਨੇ ਛੇਵੀਂ ਜਮਾਤ ਤੋਂ ਹਿੱਪ-ਹੋਪ ਸੰਗੀਤ ਸੁਣਨਾ ਸ਼ੁਰੂ ਕੀਤਾ, ਅਤੇ ਲੁਧਿਆਣਾ ਵਿੱਚ ਹਰਵਿੰਦਰ ਬਿੱਟੂ ਤੋਂ ਸੰਗੀਤ ਦੇ ਹੁਨਰ ਸਿੱਖੇ। ਉਨ੍ਹਾਂ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ ਪੜ੍ਹਾਈ ਕੀਤੀ ਅਤੇ 2016 ਵਿੱਚ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਵੱਲੋਂ ਡੀਏਵੀ ਕਾਲਜ ਫੈਸਟ ਵਿੱਚ ਵੀ ਪ੍ਰਦਰਸ਼ਨ ਕੀਤਾ ਗਿਆ ਸੀ।

ਸਿੱਧੂ ਮੂਸੇਵਾਲਾ ਦੇ ਗਾਣੇ ਅਤੇ ਫਿਲਮਾਂ

ਸਿੱਧੂ ਮੂਸੇਵਾਲਾ ਦੇ ਕਈ ਗੀਤ ਸੁਪਰਹਿੱਟ ਹੋਏ। ਸੋ ਹਾਈ, ਧੱਕਾ, ਓਲਡ ਸਕੂਲ, ਸੰਜੂ ਵਰਗੇ ਗਾਣੇ ਤਾਂ ਯੂਟਿਊਬ 'ਤੇ ਕਰੋੜਾਂ ਵਾਰ ਦੇਖੇ ਗਏ। ਇਨ੍ਹਾਂ ਗਾਣਿਆਂ ਰਾਹੀਂ ਬੰਦੂਕ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣ ਦੇ ਇਲਜ਼ਾਮਾਂ ਤਹਿਤ ਮੂਸੇਵਾਲਾ ਦੀ ਆਲੋਚਨਾ ਵੀ ਹੋਈ ਅਤੇ ਕੇਸ ਵੀ ਦਰਜ ਹੋਏ। ਸਿੱਧੂ ਮੂਸੇਵਾਲਾ ਨੇ ਗਾਇਕੀ ਤੋਂ ਬਾਅਦ ਫਿਲਮਾਂ 'ਚ ਵੀ ਪੈਰ ਰੱਖਿਆ ਸੀ।

ਮੂਸੇਵਾਲਾ ਦੀਆਂ ਫਿਲਮਾਂ ਹਨ 'ਯਸ ਆਈ ਐਮ ਸਟੂਡੈਂਟ' , 'ਤੇਰੀ ਮੇਰੀ ਜੋੜੀ', 'ਗੁਨਾਹ', 'ਮੂਸਾ ਜੱਟ' ਅਤੇ ਆਉਣ ਵਾਲੀ ਫਿਲਮ ਹੈ 'ਜੱਟਾਂ ਦਾ ਮੁੰਡਾ ਗਾਉਣ ਲੱਗਾ'। ਸਿੱਧੂ ਮੂਸੇਵਾਲਾ ਦੇ ਗਾਣਿਆਂ ਦੀ ਧਮਕ ਬਾਲੀਵੁੱਡ ਤੱਕ ਵੀ ਹੈ। ਫਿਲਮ ਸਟਾਰ ਰਣਵੀਰ ਸਿੰਘ ਅਤੇ ਵਿੱਕੀ ਕੌਸ਼ਲ ਨੇ ਸੋਸ਼ਲ ਮੀਡੀਆ 'ਤੇ ਸਿੱਧੂ ਦੇ ਗਾਣਿਆਂ ਦੀਆਂ ਸਟੋਰੀਆਂ ਵੀ ਪਾਈਆਂ।

ਸਿੱਧੂ ਮੂਸੇਵਾਲਾ 'ਤੇ ਪਏ ਕੇਸ ਅਤੇ ਵਿਵਾਦ

ਸਿੱਧੂ ਮੂਸੇਵਾਲਾ ਦੇ ਫਾਈਰਿੰਗ ਕਰਨ ਦੇ ਦੋ ਵੀਡੀਓ ਵਾਇਰਲ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਵੀਡੀਓ ਸਿੱਧੂ ਮੂਸੇਵਾਲਾ ਵੱਲੋਂ ਬਰਨਾਲਾ ਦੀ ਬਡਬਰ ਫਾਈਰਿੰਗ ਰੇਂਜ 'ਚ ਕਥਿਤ ਤੌਰ 'ਤੇ ਅਸਾਲਟ ਰਾਈਫਲ ਨਾਲ ਫਾਇਰਿੰਗ ਕਰਦਿਆਂ ਦੀ ਸੀ।

ਸਿੱਧੂ ਮੂਸੇਵਾਲਾ ਸਣੇ 9 ਲੋਕਾਂ ਖ਼ਿਲਾਫ ਸੰਗਰੂਰ ਅਤੇ ਬਰਨਾਲਾ 'ਚ ਮਈ 2020 ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇੱਕ ਹੋਰ ਵੀਡੀਓ 'ਚ ਸਿੱਧੂ ਮੂਸੇਵਾਲਾ ਸੰਗਰੂਰ ਦੀ ਲੱਡਾ ਕੋਠੀ ਰੇਂਜ ਵਿੱਚ ਇੱਕ ਪਿਸਟਲ ਨਾਲ ਫਾਇਰਿੰਗ ਕਰਦੇ ਦੇਖੇ ਗਏ ਸੀ। ਇਹ ਦੋਵੇਂ ਵੀਡੀਓ ਲੌਕਡਾਊਨ ਵੇਲੇ ਦੇ ਸਨ। ਪੁਲਿਸ ਨੇ ਪਹਿਲਾਂ ਆਪਦਾ ਪ੍ਰਬੰਧਨ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਬਾਅਦ ਵਿੱਚ ਇਨ੍ਹਾਂ ਦੋਵੇਂ ਮਾਮਲਿਆਂ ਵਿੱਚ ਆਰਮਜ਼ ਐਕਟ ਵੀ ਜੋੜਿਆ ਗਿਆ।

- PTC NEWS

Top News view more...

Latest News view more...

LIVE CHANNELS
LIVE CHANNELS