ਗੜ੍ਹਸ਼ੰਕਰ ਦੇ ਪਿੰਡ ਵਿਖੇ ਧਾਰਮਿਕ ਅਸਥਾਨ ਦੀ ਜਗ੍ਹਾਂ ਦੀ ਮਾਲਕੀ ਨੂੰ ਲੈਕੇ ਤਣਾਅ
ਯੋਗੇਸ਼, (ਹੁਸ਼ਿਆਰਪੁਰ, 31 ਦਸੰਬਰ): ਗੜ੍ਹਸ਼ੰਕਰ ਦੇ ਪਿੰਡ ਕੋਟ ਰਾਜਪੂਤਾਂ ਵਿਖੇ ਮਾਹੌਲ ਉਸ ਸਮੇਂ ਤਣਾਅਪੁਰਣ ਹੋ ਗਿਆ ਜਦੋਂ ਪਿੰਡ ਦੇ ਬਾਬਾ ਨਾਹਰ ਸਿੰਘ ਵੀਰ ਜੀ ਦੇ ਬਣੇ ਹੋਏ ਧਾਰਮਿਕ ਅਸਥਾਨ ਅਤੇ ਨਾਲ ਲਗਦੀ ਜਗ੍ਹਾ ਦੀ ਮਿਣਤੀ ਕਰਨ ਆਏ ਮਾਲ ਮਹਿਕਮੇ ਅਧਿਕਾਰੀਆਂ ਨੂੰ ਮਿਣਤੀ ਕਰਨ ਤੋਂ ਪਿੰਡ ਵਾਸੀਆਂ ਵੱਲੋਂ ਰੋਕ ਦਿੱਤਾ ਗਿਆ। ਮਾਹੌਲ ਨੂੰ ਤਣਾਅਪੁਰਣ ਹੁੰਦਾ ਦੇਖ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਵੱਲੋਂ ਮੌਕੇ 'ਤੇ ਪਹੁੰਚ ਕੇ ਮਿਣਤੀ ਨੂੰ ਰੋਕ ਦਿੱਤਾ ਗਿਆ ਅਤੇ ਮਾਹੌਲ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਥਾਣਾ ਗੜ੍ਹਸ਼ੰਕਰ ਦੇ ਮੁੱਖੀ ਨੂੰ ਪੁਲਿਸ ਟੀਮ ਨੂੰ ਸੱਦ ਲਿਆ ਗਿਆ। ਪਿੰਡ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਮੰਦਿਰ ਦੀ ਦੇਖ ਭਾਲ ਕਰਨ ਵਾਲੇ ਪਰਿਵਾਰ ਵੱਲੋਂ ਧੋਖੇ ਨਾਲ ਸਾਰੀ ਜ਼ਮੀਨ ਆਪਣੇ ਨਾਮ ਕਰਵਾ ਲਈ ਗਈ ਹੈ ਅਤੇ ਪਿੰਡ ਦੇ ਲੋਕਾਂ ਨੂੰ ਵੀ ਇੱਥੇ ਆਉਣ ਤੋਂ ਮਨ੍ਹਾਂ ਕੀਤਾ ਜਾ ਰਿਹਾ ਹੈ, ਜਿਸਦੇ ਕਾਰਨ ਪਿੰਡ ਦੇ ਵਿੱਚ ਕਈ ਵਾਰ ਲੜਾਈ ਹੋ ਚੁੱਕੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਹਾਈ ਕੋਰਟ ਦੇ ਹੁਕਮਾਂ ਦਾ ਸਤਿਕਾਰ ਕਰਦੇ ਹਨ ਪਰ ਧਾਰਮਿਕ ਅਸਥਾਨ 'ਤੇ ਬੈਠੇ ਪਰਿਵਾਰ ਵੱਲੋਂ ਧੋਖੇ ਨਾਲ ਜੋ ਲੋਕਾਂ ਦੀ ਜ਼ਮੀਨ ਆਪਣੇ ਨਾਂ 'ਤੇ ਕਰਵਾਈ ਗਈ ਹੈ, ਉਸਦੀ ਉੱਚ ਪੱਧਰੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧ ਦੇ ਵਿੱਚ ਮੌਕੇ 'ਤੇ ਪੁੱਜੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਹਾਈ ਕੋਰਟ ਦੇ ਹੁਕਮਾਂ 'ਤੇ ਮਿਣਤੀ ਕਰਨ ਆਏ ਸਨ ਪਰ ਪਿੰਡ ਦਾ ਮਾਹੌਲ ਖ਼ਰਾਬ ਹੋਣ ਦੇ ਕਾਰਨ ਮਿਣਤੀ ਨੂੰ ਰੋਕ ਦਿੱਤਾ ਗਿਆ ਅਤੇ ਹੁਣ ਕੁੱਝ ਦਿਨਾਂ ਤੱਕ ਪੁਲਿਸ ਪ੍ਰੋਟੈਕਸ਼ਨ ਦੀ ਮਦਦ ਨਾਲ ਦੁਬਾਰਾ ਮਿਣਤੀ ਕਰਵਾਈ ਜਾਵੇਗੀ।
- PTC NEWS