ਫਰੀਦਕੋਟ ਦੇ ਪਿੰਡ ਬੁਰਜ ਮਸਤਾ 'ਚ ਨਹਿਰ ਵਿਚ ਪਿਆ 40 ਫੁੱਟ ਚੌੜਾ ਪਾੜ, ਕਿਸਾਨਾਂ ਦੀ 50 ਏਕੜ ਫਸਲ ਤਬਾਹ
ਫਰੀਦਕੋਟ, 16 ਮਾਰਚ: ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਮਸਤਾ ਦੇ ਕਿਸਾਨਾਂ ਲਈ ਅੱਜ ਸਵੇਰੇ ਹੀ ਵੱਡੀ ਮੁਸ਼ੀਬਤ ਉਸ ਵੇਲੇ ਖੜ੍ਹੀ ਹੋ ਗਈ ਜਦੋਂ ਇਥੋਂ ਲੰਘਦੀ ਗੋਲੇਵਾਲਾ ਮੇਨ ਮਾਇਨਰ ਵਿਚ ਕਰੀਬ 40 ਫੁੱਟ ਚੌੜਾ ਪਾੜ ਪੈ ਗਿਆ ਅਤੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਟਮਾਟਰ ਅਤੇ ਕਣਕ ਦੀ ਫਸਲ ਬੁਰੀ ਤਰਾਂ ਤਬਾਹ ਹੋ ਗਈ ਹੈ। ਕਿਸਾਨਾਂ ਨੇ ਦੋਸ਼ ਲਗਾਏ ਕਿ ਨਹਿਰ ਵਿਚ ਪਾੜ ਪੈ ਜਾਣ ਦੇ ਕਈ ਘੰਟੇ ਬੀਤ ਜਾਣ ਬਾਅਦ ਵੀ ਵਿਭਾਗੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚੇ ਅਤੇ ਨਾਂ ਹੀ ਕੋਈ ਰਾਹਤ ਕਾਰਜ ਸ਼ੁਰੂ ਕੀਤਾ। ਕਿਸਾਨਾਂ ਦਾ ਕਹਿਣਾਂ ਸੀ ਕਿ ਭਾਵੇਂ ਸਰਕਾਰ ਬਦਲੀ ਹੈ ਪਰ ਅਫਸਰਸ਼ਾਹੀ ਹਾਲੇ ਵੀ ਪਹਿਲਾਂ ਦੀ ਤਰਾਂ ਹੀ ਸੁਸਤ ਹਨ।
ਇਹ ਵੀ ਪੜ੍ਹੋ: ਭਗਵੰਤ ਮਾਨ ਨੇ ਸਿਰਜਿਆ ਇਤਿਹਾਸ, ਸ਼ਹੀਦ ਭਗਤ ਸਿੰਘ ਦੇ ਪਿੰਡ 'ਚ ਚੁੱਕੀ ਮੁੱਖ ਮੰਤਰੀ ਵਜੋਂ ਸਹੁੰ
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਟੇ ਤੇ ਜ਼ਮੀਨ ਲੈ ਕੇ ਸਬਜੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸਵਾਰ ਉਹਨਾਂ ਵੱਲੋਂ ਟਮਾਟਰਾ ਦੀ ਫਸਲ ਬੀਜੀ ਗਈ ਸੀ ਜੋ ਹੁਣ ਫਲ ਦੇਣ ਲਈ ਬਿਲਕੁਲ ਤਿਆਰ ਸੀ ਪਰ ਅੱਜ ਅਚਾਨਕ ਸਵੇਰ ਵੇਲੇ ਨਹਿਰ ਵਿਚ ਪਾੜ ਪੈਣ ਕਾਰਨ ਪੂਰੀ ਫਸਲ ਨਹਿਰ ਦੇ ਪਾਣੀ ਵਿਚ ਡੁੱਬ ਚੁੱਕੀ ਹੈ, ਜੋ ਹੁਣ ਬਰਬਾਦ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਉਹ ਬੇ ਜ਼ਮੀਨੇ ਕਿਸਾਨ ਹਨ ਅਤੇ ਮਹਿੰਗੇ ਭਾਅ ਦਾ ਜ਼ਮੀਨ ਠੇਕੇ 'ਤੇ ਲੈ ਕੇ ਸਬਜੀਆਂ ਦੀ ਕਾਸ਼ਤ ਕਰਦੇ ਹਨ ਉਹਨਾਂ ਦੱਸਿਆ ਕਿ ਉਹਨਾਂ ਦੀ ਫਸਲ ਪੂਰੀ ਤਰਾਂ ਬਰਬਾਦ ਹੋ ਚੁੱਕੀ ਹੈ ਅਤੇ ਹੁਣ ਸਰਕਾਰ ਦਾ ਹੀ ਸਹਾਰਾ ਹੈ। ਉਹਨਾਂ ਦੱਸਿਆ ਕਿ ਨਹਿਰ ਵਿਚ ਪਾੜ ਸਵੇਰੇ ਕਰੀਬ 4 ਵਜੇ ਦਾ ਪਿਆ ਹੈ ਪਰ ਵਿਭਾਗੀ ਅਧਿਕਾਰੀ ਬਹੁਤ ਲੇਟ ਪਹੁੰਚੇ ਹਨ। ਉਹਨਾਂ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਅਮਨਦੀਪ ਸਿੰਘ ਨੇ ਕਿਹਾ ਕਿ ਇਹ ਗਰੀਬ ਪਰਿਵਾਰ ਜ਼ਮੀਨਾਂ ਠੇਕੇ 'ਤੇ ਲੈ ਕੇ ਖੇਤੀ ਕਰਦੇ ਹਨ, ਮਹਿੰਗੇ ਭਾਅ ਦਾ ਜ਼ਮੀਨ ਦਾ ਠੇਕਾ ਅਤੇ ਫਸਲ ਤਿਆਰ ਕਰਨ 'ਤੇ ਵੀ ਹਜਾਰਾਂ ਰੁਪੈ ਖਰਚ ਕਰ ਚੁੱਕੇ ਹਨ ਪਰ ਹੁਣ ਜਦੋਂ ਫਸਲ ਫਲ ਦੇਣ ਤੇ ਆਈ ਤਾਂ ਅਚਾਨਕ ਨਹਿਰ ਟੁੱਟ ਜਾਣ ਕਾਰਨ ਜਿਥੇ ਇਹਨਾਂ ਦੀ ਕਰੀਨ 50-55 ਏਕੜ ਫਸਲ ਪਾਣੀ ਵਿਚ ਡੁੱਬ ਗਈ ਉਥੇ ਹੀ ਹੋਰ ਕਿਸਾਨ ਭਰਾਵਾਂ ਦੀ ਕਈ ਏਕੜ ਕਣਕ ਦੀ ਫਸਲ ਜੋ ਪੱਕਣ 'ਤੇ ਆਈ ਹੋਈ ਸੀ ਉਹ ਵੀ ਬੁਰੀ ਤਰਾਂ ਪਾਣੀ ਵਿਚ ਡੁੱਬ ਕੇ ਖਰਾਬ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਬਹੁਤ ਲੇਟ ਆਏ ਹਨ। ੳਹਨਾਂ ਕਿਹਾ ਕਿ ਸਰਕਾਰ ਇਹਨਾਂ ਗਰੀਬ ਪਰਿਵਾਰਾਂ ਨੂੰ ਬਣਦਾ ਮੁਆਵਜਾ ਦੇਵੇ ਤਾਂ ਜੋ ਇਹ ਆਪਣੇ ਹੋਏ ਨੁਕਸਾਨ ਦੀ ਭਰਪਾਈ ਕਰ ਸਕਣ।
ਇਹ ਵੀ ਪੜ੍ਹੋ: ਇੱਕ ਰੈਂਕ ਇੱਕ ਪੈਨਸ਼ਨ ਸਰਕਾਰ ਦਾ ਨੀਤੀਗਤ ਮਾਮਲਾ, ਕੋਈ ਸੰਵਿਧਾਨਕ ਦੋਸ਼ ਨਹੀਂ: ਸੁਪਰੀਮ ਕੋਰਟ
ਇਸ ਸਮੇਂ ਮੌਕੇ ਤੇ ਪਹੁੰਚੇ ਨਹਿਰ ਵਿਭਾਗ ਦੇ ਐਸਡੀਓ ਕੁਲਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਕਰੀਬ 8 ਵਜੇ ਨਹਿਰ ਵਿਚ ਪਾੜ ਪੈਣ ਸੰਬੰਧੀ ਡਿਪਟੀ ਕਮਿਸ਼ਨਰ ਦਫਤਰ ਫਰੀਦਕੋਟ ਤੋਂ ਇਤਲਾਹ ਮਿਲੀ ਸੀ ਜਿਸ 'ਤੇ ਉਹ ਮੌਕੇ ਤੇ ਪਹੰਚੇ ਹਨ ਅਤੇ ਨਹਿਰ ਦਾ ਪਾਣੀ ਬੰਦ ਕਰਵਾ ਕੇ ਨਹਿਰ ਵਿਚ ਪਏ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ। ਉਹਨਾਂ ਨਹਿਰ ਵਿਚ ਪਾੜ ਪੈਣ ਦੇ ਕਾਰਨਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਨਹਿਰ ਦੀਆਂ ਪਟੜੀਆਂ ਦੋਹਾਂ ਪਾਸਿਆਂ ਤੋਂ ਬਹੁਤ ਮਜਬੂਤ ਹਨ, ਲਗਦਾ ਹੈ ਜਾਂ ਤਾਂ ਇਹ ਕਿਸੇ ਖੱਡ ਕਾਰਨ ਪਾੜ ਪਿਆ ਹੈ ਜਾਂ ਫਿਰ ਕਿਸੇ ਨੇ ਸ਼ਰਾਰਤ ਕੀਤੀ ਹੈ। ਉਹਨਾਂ ਕਿਹਾ ਕਿ ਨਹਿਰ ਵਿਚ ਪਾੜ ਪੈਣ ਦੇ ਕਾਰਨਾਂ ਦੀ ਵੀ ਜਾਚ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਹੋਏ ਨੁਕਸਾਨ ਬਾਰੇ ਉਹਨਾਂ ਕਿਹਾ ਕਿ ਉਹ ਕਿਸਾਨਾਂ ਦੇ ਹੋਏ ਨੁਕਸਾਨ ਦੀ ਰਿਪੋਟ ਸਰਕਾਰ ਨੂੰ ਭੇਜਣਗੇ ਅਤੇ ਸਰਕਾਰ ਹੀ ਉਸ ਤੇ ਫੈਸਲਾ ਲੈ ਸਕੇਗੀ। ਲੇਟ ਆਉਣ ਬਾਰੇ ਪੁੱਛੇ ਸਵਾਲ ਤੇ ਉਹਨਾਂ ਕਿਹਾ ਕਿ ਉਹਨਾਂ ਕਰੀਬ 8 ਵਜੇ ਇਤਲਾਹ ਮਿਲੀ ਸੀ ਅਤੇ ਉਹ ਉਸੇ ਵਕਤ ਮੌਕੇ ਤੇ ਪਹੁੰਚ ਗਏ ਸਨ।
-PTC News