ਮੁੱਖ ਖਬਰਾਂ

ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਮੁਤਾਬਕ ਸਿੱਧੂ ਨੂੰ 25 ਗੋਲੀਆਂ ਲੱਗੀਆਂ ਸਨ, ਜਾਣੋ ਹੋਰ ਵੇਰਵਾ

By Jasmeet Singh -- May 31, 2022 10:23 pm

ਨਵੀਂ ਦਿੱਲੀ, 31 ਮਈ: ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਜਿਸ ਦੀ 29 ਮਈ ਨੂੰ ਹੱਤਿਆ ਕਰ ਦਿੱਤੀ ਗਈ ਸੀ, ਨੂੰ ਹਮਲਾਵਰਾਂ ਦੁਆਰਾ ਲਗਭਗ 25 ਗੋਲੀਆਂ ਮਾਰੀਆਂ ਗਈਆਂ ਸਨ ਅਤੇ ਉਸਦੇ ਸਰੀਰ 'ਤੇ ਬਾਰੂਦ ਵੀ ਪਾਇਆ ਗਿਆ, ਸੂਤਰਾਂ ਨੇ ਪੋਸਟਮਾਰਟਮ ਰਿਪੋਰਟ ਦੇ ਸ਼ੁਰੂਆਤੀ ਹਵਾਲੇ ਤੋਂ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲਕਾਂਡ 'ਚ ਪਹਿਲੀ ਗ੍ਰਿਫਤਾਰੀ; ਪੁਲਿਸ ਨੇ ਉਤਰਾਖੰਡ ਤੋਂ ਸ਼ੱਕੀ ਮਨਪ੍ਰੀਤ ਸਿੰਘ ਨੂੰ ਕੀਤਾ ਕਾਬੂ


ਪੰਜਾਬ ਸਰਕਾਰ ਵੱਲੋਂ ਸਿੱਧੂ ਦੇ ਸੁਰੱਖਿਆ ਘੇਰੇ ਵਿੱਚ ਕਟੌਤੀ ਕਰਨ ਤੋਂ ਇੱਕ ਦਿਨ ਬਾਅਦ ਐਤਵਾਰ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗਾਇਕ ਤੋਂ ਸਿਆਸਤਦਾਨ ਬਣੇ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਸੂਤਰਾਂ ਨੇ ਦੱਸਿਆ ਕਿ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਗਾਇਕ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਾਮ 5.25 ਵਜੇ ਵਾਪਰੀ ਅਤੇ ਪੁਲਿਸ ਨੂੰ 5.50 ਵਜੇ ਸੂਚਨਾ ਮਿਲੀ। ਸੂਤਰਾਂ ਨੇ ਦੱਸਿਆ ਕਿ ਗਾਇਕ ਦੇ ਸਰੀਰ 'ਤੇ ਬਾਰੂਦ ਦੀ ਮੌਜੂਦਗੀ ਤੋਂ ਸੰਕੇਤ ਮਿਲਦਾ ਹੈ ਕਿ ਉਸ 'ਤੇ ਬਹੁਤ ਨੇੜਿਓਂ ਗੋਲੀਬਾਰੀ ਕੀਤੀ ਗਈ ਸੀ।

ਇੱਕ ਸੂਤਰ ਨੇ ਏਜੰਸੀ ਨੂੰ ਦੱਸਿਆ, "ਸਿੱਧੂ ਮੂਸੇਵਾਲਾ ਨੂੰ 25 ਤੋਂ ਵੱਧ ਗੋਲੀਆਂ ਲੱਗੀਆਂ ਸਨ। ਉਸ ਦੇ ਸਰੀਰ 'ਤੇ ਬਾਰੂਦ ਪਾਇਆ ਗਿਆ ਸੀ। ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਇਹ ਘਟਨਾ ਸ਼ਾਮ 5.25 ਵਜੇ ਦੇ ਕਰੀਬ ਵਾਪਰੀ, ਜਦੋਂ ਕਿ ਪੁਲਿਸ ਨੂੰ ਕਰੀਬ 5.50 ਵਜੇ ਸੂਚਨਾ ਮਿਲੀ।"


ਸਿੱਧੂ ਮੂਸੇਵਾਲਾ ਦਾ ਅੱਜ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਜੱਦੀ ਪਿੰਡ ਮੂਸੇ ਵਿਖੇ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਦੇਹ ਨੂੰ ਮੰਗਲਵਾਰ ਸਵੇਰੇ ਮਾਨਸਾ ਦੇ ਸਿਵਲ ਹਸਪਤਾਲ ਤੋਂ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਭਾਰੀ ਭੀੜ ਇਕੱਠੀ ਹੋਈ।

28 ਸਾਲਾ ਪੰਜਾਬੀ ਗਾਇਕ ਨੇ ਮਾਨਸਾ ਤੋਂ ਕਾਂਗਰਸ ਦੀ ਟਿਕਟ 'ਤੇ ਪੰਜਾਬ ਦੀ ਹਾਲੀਆ ਵਿਧਾਨ ਸਭਾ ਚੋਣ ਲੜੀ ਸੀ ਅਤੇ 'ਆਪ' ਦੇ ਵਿਜੇ ਸਿੰਗਲਾ ਤੋਂ ਹਾਰ ਗਿਆ ਸੀ। ਉਹ ਪਿਛਲੇ ਸਾਲ ਦਸੰਬਰ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਹੋਇਆ ਸੀ।

ਪੰਜਾਬ ਪੁਲਿਸ ਨੇ ਸੋਮਵਾਰ ਨੂੰ ਮੂਸੇਵਾਲਾ ਦੇ ਕਤਲ ਦੇ ਸਬੰਧ ਵਿੱਚ ਦੇਹਰਾਦੂਨ ਦੇ ਪੇਲਿਓਂ ਪੁਲਿਸ ਚੌਂਕੀ ਖੇਤਰ ਤੋਂ ਛੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ, ਜਿਨ੍ਹਾਂ ਵਿਚੋਂ ਮਨਪ੍ਰੀਤ ਨਾਮਕ ਵਿਅਕਤੀ ਨੂੰ ਅੱਜ ਪੁਲਿਸ ਨੇ ਹਿਰਾਸਤ ਵਿਚ ਲਿਆ।

ਕੈਨੇਡਾ ਸਥਿਤ ਗੋਲਡੀ ਬਰਾੜ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਸਬੰਧ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਤੋਂ ਵੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਬਰਾੜ ਬਿਸ਼ਨੋਈ ਦਾ ਕਰੀਬੀ ਸਾਥੀ ਹੈ, ਜੋ ਗਾਇਕ ਦੇ ਕਤਲ ਵਿੱਚ ਵੀ ਸ਼ਾਮਲ ਦੱਸਿਆ ਜਾਂਦਾ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਕੱਚੇ ਮੁਲਾਜ਼ਮਾਂ ਵੱਲੋਂ ਧਰਨਾ

ਪੰਜਾਬ ਪੁਲਿਸ ਨੇ ਮਾਨਸਾ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302, 307 ਅਤੇ 341 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਐਫਆਈਆਰ ਦਰਜ ਕੀਤੀ ਹੈ।

-PTC News

  • Share