Punjab Rain Alert : ਪੰਜਾਬ 'ਚ ਅਜੇ ਨਹੀਂ ਟਲਿਆ ਮੀਂਹ ਦਾ ਖ਼ਤਰਾ ,ਮੌਸਮ ਵਿਭਾਗ ਵੱਲੋਂ 1 ਸਤੰਬਰ ਤੱਕ ਭਾਰੀ ਮੀਂਹ ਦਾ ਅਲਰਟ
Punjab Rain Alert : ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਈ ਇਲਾਕੇ ਹੜ੍ਹ ਦੀ ਲਪੇਟ 'ਚ ਆ ਗਏ ਹਨ। ਪੰਜਾਬ ਦੇ 7 ਜ਼ਿਲ੍ਹੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ, ਕਪੂਰਥਲਾ ਦੇ ਸੁਲਤਾਨਪੁਰ ਲੋਧੀ ਅਤੇ ਹੁਸ਼ਿਆਰਪੁਰ ਹੜ੍ਹਾਂ ਦੀ ਲਪੇਟ ਵਿੱਚ ਹਨ। ਇਨ੍ਹਾਂ ਪਿੰਡਾਂ ਵਿੱਚ ਲੋਕ ਫਸੇ ਹੋਏ ਹਨ। ਕਈ ਪਿੰਡਾਂ ਦੇ ਪਿੰਡ ਪਾਣੀ ਨੇ ਤਬਾਹ ਕਰ ਦਿੱਤੇ ਹਨ। ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ 'ਤੇ ਆਪਣਾ ਸਮਾਨ ਰੱਖ ਲਿਆ ਹੈ। ਉਨ੍ਹਾਂ ਨੂੰ ਡਰੋਨ ਰਾਹੀਂ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਪਰ ਅਜੇ ਵੀ ਮੀਂਹ ਦਾ ਖਤਰਾ ਟਲਿਆ ਨਹੀਂ ਹੈ।
1 ਸਤੰਬਰ ਤੱਕ ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ
ਇਸ ਦੌਰਾਨ ਮੌਸਮ ਵਿਭਾਗ ਨੇ ਫਿਰ ਤੋਂ ਪੰਜਾਬ ਵਿਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਅਨੁਸਾਰ 30 ਅਗਸਤ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪਵੇਗਾ, ਜਿਸ ਦੇ ਲਈ ਔਰੇਂਜ ਅਲਰਟ’ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 31 ਅਗਸਤ ਅਤੇ 1 ਸਤੰਬਰ ਨੂੰ ਭਾਰੀ ਮੀਂਹ ਲਈ ਯੈਲੋ ਅਲਰਟ ਰਹੇਗਾ।
ਓਥੇ ਹੀ ਸ਼ੁੱਕਰਵਾਰ ਸਵੇਰੇ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ, ਜਿਸ ਕਾਰਨ ਘੱਗਰ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਨਾਲ ਮੋਹਾਲੀ ਦੇ ਡੇਰਾਬੱਸੀ, ਪਟਿਆਲਾ ਅਤੇ ਸੰਗਰੂਰ ਵਿੱਚ ਹੜ੍ਹ ਆ ਸਕਦੇ ਹਨ। ਭਾਖੜਾ ਦੇ ਚਾਰ ਗੇਟਾਂ ਤੋਂ ਸਤਲੁਜ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਜੇਕਰ ਸਤਲੁਜ ਦਰਿਆ ਦਾ ਪਾਣੀ ਓਵਰਫਲੋ ਹੋ ਜਾਂਦਾ ਹੈ ਤਾਂ ਰੋਪੜ, ਨਵਾਂਸ਼ਹਿਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਤਰਨਤਾਰਨ, ਫਾਜ਼ਿਲਕਾ ਵਿੱਚ ਹੜ੍ਹ ਦਾ ਖ਼ਤਰਾ ਪੈਦਾ ਹੋ ਸਕਦਾ ਹੈ।
ਦੱਸ ਦੇਈਏ ਕਿ ਭਾਖੜਾ ਡੈਮ ਦਾ ਜਲ ਪੱਧਰ 1671.80 ਫੁੱਟ ਦਰਜ ਕੀਤਾ ਗਿਆ, ਜਦਕਿ ਪੌਂਗ ਡੈਮ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ, ਜਿਸ ਕਾਰਨ ਬੀ. ਬੀ. ਐੱਮ. ਬੀ. ਪ੍ਰਬੰਧਕਾਂ ਨੇ ਪੌਂਗ ਡੈਮ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਪੌਂਗ ਡੈਮ ਵਿਚੋਂ 1,04,989 ਕਿਊਸਿਕ ਪਾਣੀ ਬਿਆਸ ਦਰਿਆ ਵਿਚ ਛੱਡਿਆ ਹੈ। ਇਸ ਤੋਂ ਇਲਾਵਾ ਭਾਖੜਾ ਡੈਮ, ਪੌਂਗ ਡੈਮ ਅਤੇ ਪਠਾਨਕੋਟ ਵਿਚ ਮਾਧੋਪੁਰ ਹੈੱਡਵਰਕਸ ਤੋਂ ਲਗਾਤਾਰ ਪਾਣੀ ਛੱਡਣ ਕਾਰਨ ਫਿਰੋਜ਼ਪੁਰ, ਫਾਜ਼ਿਲਕਾ, ਕਪੂਰਥਲਾ, ਸੁਲਤਾਨਪੁਰ ਲੋਧੀ, ਤਰਨਤਾਰਨ, ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਖੇਤਰਾਂ ਦੇ ਸੈਂਕੜੇ ਪਿੰਡਾਂ ਵਿਚ 7 ਫੁੱਟ ਤੱਕ ਪਾਣੀ ਭਰ ਗਿਆ ਹੈ।
- PTC NEWS