Mon, Apr 29, 2024
Whatsapp

ਝੂਠੇ ਮੁਕਾਬਲੇ 'ਚ 29 ਸਾਲਾਂ ਬਾਅਦ 2 ਪੁਲਿਸ ਅਧਿਕਾਰੀ ਦੋਸ਼ੀ ਕਰਾਰ

Written by  Jasmeet Singh -- September 06th 2022 05:44 PM -- Updated: September 06th 2022 05:46 PM
ਝੂਠੇ ਮੁਕਾਬਲੇ 'ਚ 29 ਸਾਲਾਂ ਬਾਅਦ 2 ਪੁਲਿਸ ਅਧਿਕਾਰੀ ਦੋਸ਼ੀ ਕਰਾਰ

ਝੂਠੇ ਮੁਕਾਬਲੇ 'ਚ 29 ਸਾਲਾਂ ਬਾਅਦ 2 ਪੁਲਿਸ ਅਧਿਕਾਰੀ ਦੋਸ਼ੀ ਕਰਾਰ

ਮਨਿੰਦਰ ਸਿੰਘ ਮੋਂਗਾ (ਗੁਰਦਾਸਪੁਰ, 6 ਸਤੰਬਰ): ਅਡੀਸ਼ਨਲ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਨੇ ਗੁਰਦਾਸਪੁਰ ਨੇ 29 ਸਾਲ ਪੁਰਾਣੇ ਕੇਸ ਵਿੱਚ ਐਸ.ਆਈ ਚੰਨਣ ਸਿੰਘ ਅਤੇ ਏ.ਐਸ.ਆਈ ਤਰਲੋਕ ਸਿੰਘ ਨੂੰ ਧਾਰਾ 302 ਤਹਿਤ ਉਮਰ ਕੈਦ, ਧਾਰਾ 364 (ਅਗਵਾ) ਅਤੇ ਧਾਰਾ 342 (ਗ਼ਲਤ ਢੰਗ ਨਾਲ ਕੈਦ) ਤਹਿਤ 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਦਕਿ ਐਸ.ਐਚ.ਓ ਬਲਦੇਵ ਸਿੰਘ ਅਤੇ ਐਚ.ਸੀ. ਨਿਰਮਲ ਸਿੰਘ ਦੀ ਸੁਣਵਾਈ ਦੌਰਾਨ ਹੀ ਮੌਤ ਹੋ ਗਈ ਸੀ। ਇਹ ਫਰਜ਼ੀ ਮੁਕਾਬਲਾ ਉਦੋਂ ਹੋਇਆ ਜਦੋਂ 22/03/1993 ਨੂੰ ਬਲਵਿੰਦਰ ਸਿੰਘ ਵਾਸੀ ਅਲਾਵਲਪੁਰ ਆਪਣੀ ਮਾਤਾ ਲਖਬੀਰ ਕੌਰ ਨਾਲ ਬੱਸ ਰਾਹੀਂ ਅੰਮ੍ਰਿਤਸਰ ਜਾ ਰਿਹਾ ਸੀ ਤਾਂ ਤਲਵੰਡੀ ਰਾਮਾ ਵਿਖੇ ਬੱਸ ਰੋਕ ਕੇ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਬੱਸ ਦੀ ਤਲਾਸ਼ੀ ਲਈ ਅਤੇ ਬੱਸ 'ਚ ਬੈਠੇ ਬਲਵਿੰਦਰ ਸਿੰਘ ਨੂੰ ਉਹਦਾ ਨਾਅ ਤੇ ਪਤਾ ਪੁੱਛਿਆ। ਇਤਫ਼ਾਕ ਨਾਲ ਨਾਂਅ, ਪਿਤਾ ਦਾ ਨਾਂਅ ਅਤੇ ਪਿੰਡ ਦਾ ਨਾਂਅ ਉਹ ਹੀ ਸਨ, ਜਿਹੜੇ ਪੁਲਿਸ ਨੂੰ ਲੋੜੀਂਦੇ ਕਿਸੇ ਹੋਰ ਸਿੱਖ ਨੌਜਵਾਨ ਦੇ ਸਨ ਪਰ ਉਹਦਾ ਥਾਣਾ ਸ੍ਰੀ ਹਰਿਗੋਬਿੰਦਪੁਰ ਪੈਂਦਾ ਸੀ ਅਤੇ ਇਹਦਾ ਕਲਾਨੌਰ ਸੀ। ਡੇਰਾ ਬਾਬਾ ਨਾਨਕ ਐਸ.ਐਚ.ਓ ਬਲਦੇਵ ਸਿੰਘ ਅਤੇ ਪੁਲਿਸ ਪਾਰਟੀ ਨੇ ਉਸਦੀ ਮਾਤਾ ਦੇ ਵਿਰੋਧ ਕਰਨ ਦੇ ਬਾਵਜੂਦ ਬਲਵਿੰਦਰ ਸਿੰਘ ਨੂੰ ਜਬਰਦਸਤੀ ਬੰਸ ਵਿਚੋਂ ਚੁੱਕ ਲਿਆ। ਇਸ ਬੱਸ ਵਿੱਚ ਆਪਣੇ ਪਿਤਾ ਨਾਲ ਸਫ਼ਰ ਕਰ ਰਹੇ ਇੱਕ ਹੋਰ ਨੌਜਵਾਨਾ ਬਲਜਿੰਦਰ ਸਿੰਘ ਲਾਟੂ ਵਾਸੀ ਕਲਾਨੌਰ ਨੂੰ ਵੀ ਨਾਜਾਇਜ਼ ਹਿਰਾਸਤ ਵਿੱਚ ਲੈ ਲਿਆ ਗਿਆ, ਦੋਵਾਂ ਨੂੰ ਬਲਵਿੰਦਰ ਸਿੰਘ ਮੂਲੋਵਾਲੀ, ਜਿਹੜਾ ਕਿ ਪਹਿਲਾਂ ਹੀ ਪੁਲਿਸ ਹਿਰਾਸਤ ਵਿਚ ਸੀ ਸਮੇਤ ਗੈਰ ਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ। ਅਗਲੇ ਦਿਨ ਪੁਲਿਸ ਮੁਲਾਜ਼ਮਾਂ ਨੇ ਇੱਕ ਝੂਠੀ ਕਹਾਣੀ ਘੜੀ ਜਿਸ ਵਿੱਚ ਤਿੰਨਾਂ ਨੂੰ ਪਿੰਡ ਕਠਿਆਲਾ ਵਿਖੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ। ਤਿੰਨੋ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਉਕਤ ਦੋਸ਼ੀਆਂ ਵੱਲੋਂ ਚੱਨਣ ਸ਼ਾਹ ਦੀਆਂ ਮੜੀਆ ਬਟਾਲਾ ਦੇ ਸ਼ਮਸ਼ਾਨਘਾਟ ਵਿਖੇ ਲਾਵਾਰਿਸ ਕਹਿ ਕੇ ਸਸਕਾਰ ਕਰ ਦਿੱਤਾ ਗਿਆ। ਪੋਸਟ ਮਾਰਟਮ ਤੋਂ ਪਤਾ ਚੱਲਿਆ ਕਿ ਤਿੰਨਾਂ ਦੀ ਛਾਤੀ 'ਚ ਬੰਦੂਕ ਦੀ ਗੋਲੀ ਦੇ ਜ਼ਖਮ ਇੱਕੋ ਤਰ੍ਹਾਂ ਦੇ ਸਨ, ਇਸ ਝੂਠੇ ਮੁਕਾਬਲੇ ਵਿਚ ਮੌਜੂਦ 145 ਪੁਲਿਸ ਮੁਲਾਜ਼ਮਾਂ ਵਿਚੋਂ ਕੋਈ ਵੀ ਜ਼ਖਮੀ ਨਹੀਂ ਹੋਇਆ ਸੀ। ਮਾਤਾ ਲਖਬੀਰ ਕੌਰ ਨੇ 22-01-1999 ਨੂੰ ਸੀ.ਜੇ.ਐਮ ਬਟਾਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਇਸ ਕੇਸ ਵਿੱਚ ਅਦਾਲਤ ਨੇ ਦੋਸ਼ੀਆਂ ਨੂੰ ਸੰਮਨ ਜਾਰੀ ਕਰ ਦਿੱਤੇ। ਦੋਸ਼ੀ 8 ਸਾਲ ਤੱਕ ਸੰਮਨਾਂ ਤੋਂ ਬਚਦੇ ਰਹੇ। ਵਿਧਵਾ ਤੇ ਬਿਰਧ ਮਾਤਾ ਹਰ ਤਰੀਕ ਪੇਸ਼ੀ 'ਤੇ ਹਾਜਰ ਹੁੰਦੀ ਰਹੀ ਪਰ ਸਖ਼ਤ ਬਿਮਾਰ ਹੋਣ ਕਾਰਨ ਇੱਕ ਦੋ ਤਰੀਕਾਂ 'ਤੇ ਨਾ ਜਾ ਸਕੀ। ਅਦਾਲਤ ਨੇ ਉਸ ਨੂੰ ਗੈਰ ਹਾਜਰ ਕਰਾਰ ਦੇ ਕੇ ਕੇਸ ਡਿਸਚਾਰਰ ਕਰ ਦਿੱਤਾ। ਇਸ ਹੁਕਮ ਵਿਰੁੱਧ ਮਾਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਪਰ ਕਈ ਸਾਲ ਕੇਸ ਉਥੇ ਵੀ ਲਮਕਦਾ ਰਿਹਾ। ਅਖੀਰ ਮਾਨਯੋਗ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰਕੇ ਕੇਸ ਦੁਬਾਰਾ ਸੁਣਵਾਈ ਲਈ ਸੈਸ਼ਨ ਕੋਰਟ ਗੁਰਦਾਸਪੁਰ ਭੇਜ ਦਿੱਤਾ। ਸ਼ਿਕਾਇਤਕਰਤਾ ਨੂੰ 24 ਸਾਲਾਂ ਬਾਅਦ 17/04/2018 ਨੂੰ ਫਿਰ ਅਦਾਲਤ ਵਿੱਚ ਪੇਸ਼ ਹੋ ਕੇ ਆਪਣਾ ਪੱਖ ਸੁਣਾਇਆ ਪਿਆ ਅਤੇ ਫਿਰ ਮੁਕੱਦਮਾ ਚੱਲਿਆ ਜਿਸ ਦੇ ਨਤੀਜੇ ਵਜੋਂ 05/09/2022 ਨੂੰ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ। ਤਕਰੀਬਨ 30 ਸਾਲਾਂ ਤੋਂ ਗਵਾਹਾਂ ਨੂੰ ਧਮਕਾਉਣ, ਰਿਸ਼ਵਤ ਦੇਣ ਅਤੇ ਲੁਭਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਫਿਰ ਵੀ ਮਾਤਾ ਲਖਬੀਰ ਕੌਰ ਨੇ ਆਪਣੇ ਪੁੱਤਰ ਦੀ ਮੌਤ ਅਤੇ ਝੂਠੇ ਤੌਰ 'ਤੇ ਅੱਤਵਾਦੀ ਕਰਾਰ ਦਿੱਤੇ ਜਾਣ ਲਈ ਇਨਸਾਫ਼ ਦਿਵਾਉਣ ਲਈ ਦ੍ਰਿੜ ਇਰਾਦੇ ਨਾਲ ਕੇਸ ਦੀ ਪੈਰਵਾਈ ਕੀਤੀ। ਅਫ਼ਸੋਸ ਦੀ ਗੱਲ ਹੈ ਕਿ ਮਈ 2019 ਵਿੱਚ ਲਖਬੀਰ ਕੌਰ ਇਨਸਾਫ ਲਈ ਲੜਦੇ ਹੋਏ ਇਸ ਸੰਸਾਰ ਤੋਂ ਵਿਦਾ ਹੋ ਗਏ। ਉਹਨਾਂ ਦੀ ਮੌਤ ਤੋਂ ਬਾਅਦ ਬਲਵਿੰਦਰ ਸਿੰਘ ਦੀਆਂ ਭੈਣਾਂ ਬਲਜਿੰਦਰ ਕੌਰ ਅਤੇ ਜਤਿੰਦਰ ਕੌਰ ਨੇ ਇਸ ਕੇਸ ਦੀ ਲਗਾਤਾਰ ਪੈਰਵਾਈ ਕੀਤੀ। -PTC News  


Top News view more...

Latest News view more...