ਸੁਖਬੀਰ ਸਿੰਘ ਬਾਦਲ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਨੁੰ ਰਲ ਕੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਨ ਦੀ ਅਪੀਲ

By Jashan A - July 27, 2021 10:07 am

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (Shiromani Akali Dal ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਸਾਰੀਆਂ ਸਿਆਸੀ ਪਾਰਟੀਆਂ ਨੁੰ ਅਪੀਲ ਕੀਤੀ ਕਿ ਉਹ ਰਲ ਕੇ ਤਿੰਨ ਖੇਤੀ ਕਾਨੂੰਨ (Agriculture Law ) ਰੱਦ ਕਰਨ ਦੀ ਮੰਗ ਕਰਨ ਅਤੇ ਕਿਹਾ ਕਿ ਇਸ ਏਜੰਡੇ ਤੋਂ ਥਿੜਕਣ ਨਾਲ ਐਨ ਡੀ ਏ ਸਰਕਾਰ ਨੂੰ ਰਾਹਤ ਮਿਲ ਜਾਵੇਗੀ ਤੇ ਇਹ ਸਰਕਾਰ ਕਿਸਾਨ ਅੰਦੋਲਨ ਤੋਂ ਧਿਆਨ ਭੜਕਾਉਣਾ ਚਾਹੁੰਦੀ ਹੈ।

ਹਰਸਿਮਰਤ ਕੌਰ ਬਾਦਲ, (Harsimrat Kaur Badal) ਬਲਵਿੰਦਰ ਸਿੰਘ ਭੂੰਦੜ ਤੇ ਨਰੇਸ਼ ਗੁਜਰਾਲ ਸਮੇਤ ਅਕਾਲੀ ਦਲ ਤੇ ਬਸਪਾ ਦੇ ਐਮ ਪੀਜ਼ ਨੇ ਅੱਜ ਵੀ ਸੰਸਦ ਦੇ ਬਾਹਰ ‘ਕਾਲੇ ਕਾਨੂੰਨ ਲਾਪਸ ਲੋ’ ਅਤੇ ‘ਕਿਸਾਨੋ ਕੀ ਮਾਂਗੇ ਪੂਰੀ ਕਰੋ’ ਦੇ ਨਾਅਰੇ ਲਗਾਏ ਅਤੇ ਮੰਗ ਕੀਤੀ ਕਿ ਤਿੰਨ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਨੇ ਸੰਸਦ ਸੈਸ਼ਨ ਦੇ ਪਹਿਲੇ ਦਿਨ ਤੋਂ ਹੀ ਕਿਸਾਨ ਪੱਖੀ ਏਜੰਡੇ ’ਤੇ ਕੰਮ ਕੀਤਾ ਹੈ ਤੇ ਬਾਕੀ ਰਹਿੰਦੇ ਸੈਸ਼ਨ ਵਿਚ ਵੀ ਇਹ ਮੁੱਦਾ ਚੁੱਕਦੇ ਰਹਿਣਗੇ। ਉਹਨਾਂ ਕਿਹਾ ਕਿ ਅਸੀਂ ਪੰਜਾਬ ਤੇ ਦੇਸ਼ ਦੇ ਕਿਸਾਨਾਂ ਨੁੰ ਨਿਆਂ ਮਿਲਣਾ ਯਕੀਨੀ ਬਣਾਉਣ ਲਈ ਦ੍ਰਿੜ੍ਹ ਸੰਕਲਪ ਤੇ ਵਚਨਬੱਧ ਹਾਂ। ਉਹਨਾਂ ਕਿਹਾ ਕਿ ਅਸੀਂ ਹੋਰ ਸਿਆਸੀ ਪਾਰਟੀਆਂ ਨੁੰ ਅਪੀਲ ਕਰਦੇ ਹਾਂ ਕਿ ਉਹ ਅੰਨਦਾਤਾ ਵਾਸਤੇ ਇਕਜੁੱਟ ਹੋ ਜਾਣ ਤਾਂ ਜੋ ਇਹ ਮਾਮਲਾ ਕਿਸੇ ਤਰੀਕੇ ਕਮਜ਼ੋਰ ਨਾ ਪਵੇ।

ਅਕਾਲੀ ਦਲ ਦੇ ਪ੍ਰਧਾਨ ਨੇ ਕੇਂਦਰ ਸਰਕਾਰ ਵੱਲੋਂ ਇਹ ਪ੍ਰਭਾਵ ਦੇਣ ਦੀ ਵੀ ਨਿਖੇਧੀ ਕੀਤੀ ਕਿ ਉਹ ਤਾਂ ਗੱਲਬਾਤ ਵਾਸਤੇ ਤਿਆਰ ਹੈ ਪਰ ਕਿਸਾਨ ਤਿਆਰ ਨਹੀਂ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਤਿੰਨ ਕਾਨੂੰਨਾਂ ਬਾਰੇ ਹੀ ਗੱਲ ਕਰਨ ’ਤੇ ਕਿਉਂ ਅੜੀ ਹੈ ਜਦੋਂ ਕਿ ਦੇਸ਼ ਦੇ ਕਿਸਾਨ ਇਹਨਾਂ ਨੁੰ ਪਹਿਲਾਂ ਹੀ ਰੱਦ ਕਰ ਚੁੱਕੇ ਹਨ।

ਹੋਰ ਪੜ੍ਹੋ: ਇੱਕ ਵਾਰ ਫਿਰ ਤੋਂ ਕਿਸਾਨਾਂ ਦੀ ਆਵਾਜ਼ ਬਣਿਆ ‘ਵਿਚਾਰ ਤਕਰਾਰ’

ਉਹਨਾਂ ਕਿਹਾ ਕਿ ਜੇਕਰ ਸਰਕਾਰ ਸਚਮੁੱਚ ਹੀ ਕਿਸਾਨਾਂ ਦੀ ਭਲਾਈ ਬਾਰੇ ਚਿੰਤਤ ਹੈ ਤਾਂ ਫਿਰ ਉਸਨੂੰ ਤੁਰੰਤ ਤਿੰਨ ਕਾਲੇ ਕਾਨੂੰਨ ਰੱਦ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਕਿਸਾਨਾਂ ਦੀ ਆਰਥਿਕ ਸਥਿਤੀ ਦੇ ਸੁਧਾਰ ਵਾਸਤੇ ਲੋੜੀਂਦੇ ਕਦਮਾਂ ਬਾਰੇ ਚਰਚਾ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਸਰਕਾਰ ਅਜਿਹਾ ਕਰਨ ਵਾਸਤੇ ਤਿਆਰ ਨਹੀਂ ਹੈ ਕਿਉਂਕਿ ਉਸਦਾ ਤਿੰਨ ਕਾਨੂੰਨ ਰੱਦ ਕਰਨ ਦਾ ਕੋਈ ਇਰਾਦਾ ਨਹੀਂ ਹੈ।

ਬਾਦਲ ਨੇ ਕੇਂਦਰ ਸਰਕਾਰ ਵੱਲੋਂ ਕਿਸਾਨ ਮੋਰਚੇ ਵਿਚ ਸ਼ਹੀਦ ਹੋਏ ਕਿਸਾਨਾਂ ਬਾਰੇ ਜਾਣਕਾਰੀ ਨਾ ਹੋਣ ਦਾ ਬਿਆਨ ਦੇ ਕੇ ਕਿਸਾਨਾਂ ਦੀਆਂ ਤਕਲੀਫਾਂ ਪ੍ਰਤੀ ਬੇਰੁਖੀ ਵਿਖਾਉਣ ਦੀ ਵੀ ਨਿਖੇਧੀ ਕੀਤੀ। ਉਹਨਾ ਕਿਹਾ ਕਿ ਕਿਸਾਨ ਅੰਦੋਲਨ ਵਿਚ ਹੁਣ ਤੱਕ 550 ਕਿਸਾਨ ਸ਼ਹੀਦ ਹੋ ਚੁੱਕੇ ਹਨ।

ਬਜਾਏ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਬਲਿਦਾਨ ਦੀ ਕਦਰ ਪਾਉਦ ਦੇ ਸਰਕਾਰ ਇਸਦੀ ਹੋਣੀ ’ਤੇ ਹੀ ਇਹ ਕਹਿ ਕੇ ਸਵਾਲ ਚੁੱਕ ਰਹੀ ਹੈ ਕਿ ਉਸ ਕੋਲ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੇ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਜਿਹੜੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋ ਕੇ ਰੋਸ ਪ੍ਰਗਟ ਕਰਨ ਵਾਸਤੇ ਕੌਮੀ ਰਾਜਧਾਨੀ ਆ ਰਹੇ ਹਨ, ਉਹਨਾਂ ਨੁੰ ਬਦਮਾਸ਼ ਤੇ ਮਵਾਲੀ ਆਖਿਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਭਾਰਤ ਕਿਸਾਨਾਂ ਨਾਲ ਇਹ ਮਾੜਾ ਸਲੂਕ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਐਨ ਡੀ ਏ ਸਰਕਾਰ ਨੁੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਤੇ ਤੁਰੰਤ ਦਰੁੱਸਤੀ ਭਰੇ ਕਦਮ ਚੁੱਕਣੇ ਚਾਹੀਦੇ ਹਨ ਨਹੀਂ ਤਾਂ ਫਿਰ ਸਾਰੇ ਕਿਸਾਨ ਭਾਈਚਾਰੇ ਦੇ ਰੋਹ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।
-PTC News

adv-img
adv-img