103 ਸਾਲ ਦੀ 'ਧਾਕੜ' ਦਾਦੀ ਨੇ ਦਿੱਤੀ ਕੋਰੋਨਾ ਨੂੰ ਮਾਤ, ਬੀਅਰ ਪੀ ਕੇ ਮਨਾਇਆ ਜਸ਼ਨ

By  Panesar Harinder May 29th 2020 06:31 PM

ਨਵੀਂ ਦਿੱਲੀ - ਪੂਰੀ ਦੁਨੀਆ ਕੋਰੋਨਾਵਾਇਰਸ ਵਿਰੁੱਧ ਜੰਗ 'ਚ ਡਟੀ ਹੋਈ ਹੈ ਅਤੇ ਵਿਸ਼ਵ ਸ਼ਕਤੀ ਮੰਨੇ ਜਾਂਦੇ ਅਮਰੀਕਾ ਨੂੰ ਇਸ ਦੀ ਬੜੀ ਭਾਰੀ ਮਾਰ ਪਈ ਹੈ। ਮਹਾਮਾਰੀ ਨਾਲ ਜੂਝ ਰਹੇ ਅਮਰੀਕਾ ਤੋਂ ਇਨ੍ਹੀ ਦਿਨੀਂ ਕੋਰੋਨਾ ਵਿਰੁੱਧ ਜੰਗ 'ਚ ਜੇਤੂ ਰਹਿਣ ਵਾਲੀ ਬਜ਼ੁਰਗ ਦਾਦੀ ਮਾਂ ਬਾਰੇ ਮੀਡੀਆ 'ਚ ਬੜੇ ਚਰਚਰ ਛਿੜੇ ਹੋਏ ਹਨ।

ਅਮਰੀਕਾ ਦੇ ਮੈਸੇਚਿਉਸੇਟਸ 'ਚ ਰਹਿਣ ਵਾਲੀ ਇਸ 103 ਸਾਲ ਦੀ ਉਮਰ ਦੀ ਮਹਿਲਾ ਨੇ ਕੋਰੋਨਾਵਾਇਰਸ ਤੇ ਆਪਣੀ ਜਿੱਤ ਦਾ ਜਸ਼ਨ ਬੀਅਰ ਪੀ ਕੇ ਮਨਾਇਆ। ਇਸ ਉਮਰ ਦੇ ਬਾਵਜੂਦ ਬਜ਼ੁਰਗ ਮਹਿਲਾ ਨੇ ਕੋਰੋਨਾਵਾਇਰਸ ਨੂੰ ਮਾਤ ਦੇ ਦਿੱਤੀ ਹੈ, ਅਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਉਹ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੀ ਹੈ।

ਚਰਚਾ ਦਾ ਵਿਸ਼ਾ ਬਣੀ 103 ਸਾਲਾ ਬਜ਼ੁਰਗ ਜੈਨੀ ਸਟੇਜਨਾ ਦੀ ਪੋਤੀ ਸ਼ੈਲੀ ਗਨ ਮੁਤਾਬਕ ਉਸ ਦੀ ਦਾਦੀ ਨੂੰ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਦਾ ਕੋਰੋਵਾਇਰਸ ਟੈਸਟ ਕੀਤਾ ਗਿਆ ਤੇ ਉਸ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ। ਸ਼ੈਲੀ ਨੇ ਦੱਸਿਆ ਕਿ ਉਸ ਦੀ ਦਾਦੀ ਨੇ ਆਪਣੀ ਹਿੰਮਤ ਤੇ ਦ੍ਰਿੜ੍ਹ ਇੱਛਾਸ਼ਕਤੀ ਨਾਲ COVID-19 ਨੂੰ ਮਾਤ ਦਿੱਤੀ ਹੈ। ਜਿਸ ਤੋਂ ਬਾਅਦ ਹਸਪਤਾਲ ਦੇ ਸਟਾਫ਼ ਨੇ ਉਨ੍ਹਾਂ ਨੂੰ ਬੀਅਰ ਪਿਲਾ ਕੇ ਇਸ ਦਾ ਖੁਸ਼ੀ ਵਜੋਂ ਜਸ਼ਨ ਮਨਾਇਆ। ਇਸੇ ਦੌਰਾਨ ਬਣਾਇਆ ਗਿਆ ਇਸ ਬਜ਼ੁਰਗ ਦਾਦੀ ਦਾ ਬੀਅਰ ਪੀਣ ਵਾਲਾ ਵੀਡੀਓ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਦੁਨੀਆ ਭਰ ਦੇ ਲੋਕ ਬਜ਼ੁਰਗ ਦਾਦੀ ਦਾ ਇਹ ਵੀਡੀਓ ਵੱਖੋ-ਵੱਖਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸ਼ੇਅਰ ਕਰ ਰਹੇ ਹਨ।

ਸ਼ੈਲੀ ਦੇ ਦੱਸਣ ਮੁਤਾਬਿਕ, ਕੋਰੋਨਾ ਵਾਇਰਸ ਕਾਰਨ ਇੱਕ ਵਾਰ ਜੈਨੀ ਦੀ ਹਾਲਤ ਬਿਲਕੁਲ ਖ਼ਰਾਬ ਹੋ ਗਈ ਸੀ। ਦਾਦੀ ਦੀ ਹਾਲਤ ਵਿਗੜਦੀ ਦੇਖ ਸ਼ੈਲੀ, ਉਸ ਦੇ ਪਤੀ ਐਡਮ, ਤੇ 4 ਸਾਲਾਂ ਦੀ ਧੀ ਵਾਇਲਟ ਨੇ ਸੋਚਿਆ ਕਿ ਦਾਦੀ ਜੈਨੀ ਦਾ ਆਖਰੀ ਸਮਾਂ ਆ ਗਿਆ ਹੈ। ਉਨ੍ਹਾਂ ਨੂੰ ਜਾਪਿਆ ਕਿ ਹੁਣ ਦਾਦੀ ਨੂੰ ਅਲਵਿਦਾ ਕਹਿਣ ਦਾ ਸਮਾਂ ਹੈ ਅਤੇ ਸ਼ੈਲੀ ਨੇ ਆਪਣੀ ਦਾਦੀ ਦਾ ਸਦਾ ਸਾਥ ਦੇਣ ਲਈ ਧੰਨਵਾਦ ਕੀਤਾ। ਸ਼ੈਲੀ ਦੇ ਪਤੀ ਐਡਮ ਨੇ ਜਦੋਂ ਪੁੱਛਿਆ ਕਿ ਉਹ ਸਵਰਗਾਂ ਨੂੰ ਜਾਣ ਲਈ ਤਿਆਰ ਹੈ ?

ਤਾਂ ਦਾਦੀ ਨੇ ਕਿਹਾ ਕਿ ਹੈ ਤਾਂ ਔਖਾ, ਪਰ ਹਾਂ।

ਪਰ ਜਦੋਂ ਬਾਅਦ ਵਿੱਚ ਸ਼ੈਲੀ ਨੂੰ ਖ਼ਬਰ ਮਿਲੀ ਕਿ ਉਸ ਦੀ ਦਾਦੀ ਬਿਲਕੁਲ ਠੀਕ ਤੇ ਤੰਦਰੁਸਤ ਹੈ, ਤਾਂ ਉਹ ਹੈਰਾਨ ਤੇ ਬੜੀ ਖੁਸ਼ ਹੋਈ। ਜੈਨੀ ਸਟੇਜਨਾ ਦਾ ਭਰਿਆ ਪੂਰਾ ਪਰਿਵਾਰ ਹੈ ਜਿਸ 'ਚ ਉਸ ਦੇ ਦੋ ਬੱਚੇ, 3 ਪੋਤੇ, 4 ਪੜਪੋਤੇ ਅਤੇ 3 ਨਕੜ ਪੋਤੇ ਹਨ।

Related Post