ਲਾਕਡਾਊਨ ਕਰਕੇ ਭਾਰਤ ‘ਚ ਫਸੇ 179 ਪਾਕਿਸਤਾਨੀ ਯਾਤਰੀ ਅਟਾਰੀ-ਵਾਹਗਾ ਸਰਹੱਦ ਰਾਹੀਂ ਵਤਨ ਪਰਤੇ

By  Shanker Badra May 28th 2020 12:33 PM

ਲਾਕਡਾਊਨ ਕਰਕੇ ਭਾਰਤ ‘ਚ ਫਸੇ 179 ਪਾਕਿਸਤਾਨੀ ਯਾਤਰੀ ਅਟਾਰੀ-ਵਾਹਗਾ ਸਰਹੱਦ ਰਾਹੀਂ ਵਤਨ ਪਰਤੇ:ਅੰਮ੍ਰਿਤਸਰ : ਲਾਕਡਾਊਨ ’ਚ ਪਿਛਲੇ 2 ਮਹੀਨਿਆਂ ਤੋਂ ਫਸੇ ਪਾਕਿਸਤਾਨ ਦੇ 178 ਯਾਤਰੀ ਅੱਜ ਸਵੇਰੇ ਅਟਾਰੀ ਸਰਹੱਦ ਰਾਹੀਂ ਆਪਣੇ ਵਤਨ ਪਰਤ ਗਏ ਹਨ। ਇਹ ਪਾਕਿ ਨਾਗਰਿਕ ਤਾਲਾਬੰਦੀ ਦੇ ਚਲਦਿਆਂ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਅਪਣੇ ਰਿਸ਼ਤੇਦਾਰਾਂ ਦੇ ਘਰਾਂ ਜਾਂ ਹੋਟਲਾਂ 'ਚ ਫਸੇ ਹੋਏ ਸਨ।

ਜਾਣਕਾਰੀ ਅਨੁਸਾਰ ਇਹ ਪਾਕਿਸਤਾਨੀ ਯਾਤਰੀ ਅਹਿਮਦਾਬਾਦ, ਔਰਗਾਂਬਾਦ , ਉੱਤਰਾਂਚਲ, ਮੱਧ ਪ੍ਰਦੇਸ਼ ਅਤੇ ਹੈਦਰਾਬਾਦ ਤੋਂ ਫਲਾਈਟ ਦੇ ਜਰੀਏ ਪਹਿਲਾਂ ਦਿੱਲੀ ਆਏ। ਦਿੱਲੀ ਤੋਂ ਅੰਮ੍ਰਿਤਸਰ ਟੈਕਸੀ ਦੇ ਜਰੀਏ ਅਟਾਰੀ ਬਾਰਡਰ ’ਤੇ ਪੁੱਜੇ। ਇਨ੍ਹਾਂ ਲੋਕਾਂ ਨੂੰ ਕੇਂਦਰ ਸਰਕਾਰ ਵਲੋਂ ਅਟਾਰੀ ਬਾਰਡਰ ਤੱਕ ਯਾਤਰਾ ਕਰਨ ਲਈ ਕਰਫਿਊ ਪਾਸ ਜਾਰੀ ਕੀਤਾ ਗਿਆ ਸੀ।

ਇਸ ਦੌਰਾਨ ਅਟਾਰੀ ਸਰਹੱਦ ਪੁੱਜਣ ’ਤੇ ਸਾਰੇ ਪਾਕਿਸਤਾਨੀ ਮੁਸਾਫਰਾਂ ਦੀ ਸਿਹਤ ਵਿਭਾਗ ਵਲੋਂ ਸਕਰੀਨਿੰਗ ਕੀਤੀ ਗਈ ਸੀ, ਕਿਉਂਕਿ ਪਿਛਲੀ ਵਾਰ ਵੀ ਪਾਕਿਸਤਾਨ ਪਰਤੇ ਮੁਸਾਫਰਾਂ ’ਚੋਂ 3 ਲੋਕ ਕੋਰੋਨਾ ਪਾਜ਼ੀਟਿਵ ਨਿਕਲੇ ਸਨ, ਜਿਸ ਦੀ ਜਾਣਕਾਰੀ ਪਾਕਿਸਤਾਨ ਰੇਂਜਰਸ ਵਲੋਂ ਬੀ.ਐੱਸ.ਐੱਫ. ਨੂੰ ਦਿੱਤੀ ਗਈ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲਾਕਡਾਊਨ ਦੌਰਾਨ ਹੀ 234 ਪਾਕਿਸਤਾਨੀ ਨਾਗਰਿਕ ਵੱਖ-ਵੱਖ ਦਿਨਾਂ 'ਚ ਵਾਪਸ ਅਪਣੇ ਵਤਨ ਪਰਤ ਚੁਕੇ ਹਨ। ਉਨ੍ਹਾਂ ਨੂੰ ਵੀ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਜਾਣ ਦੀ ਆਗਿਆ ਦਿਤੀ ਗਈ ਸੀ। ਪਾਕਿ ਵਾਪਸ ਪਹੁੰਚਣ 'ਤੇ ਉਕਤ ਸਾਰੇ ਪਾਕਿਸਤਾਨੀ ਨਾਗਰਿਕਾਂ ਦੀ ਕੋਰੋਨਾ ਜਾਂਚ ਕੀਤੀ ਜਾਏਗੀ ਅਤੇ ਕੁਆਰੰਟੀਨ ਸੈਂਟਰਾਂ 'ਚ ਰਖਿਆ ਜਾਵੇਗਾ।

-PTCNews

Related Post