ਜਲੰਧਰ 'ਚ ਕੋਰੋਨਾ ਦਾ ਕਹਿਰ , 18 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

By  Shanker Badra July 2nd 2020 04:11 PM

ਜਲੰਧਰ 'ਚ ਕੋਰੋਨਾ ਦਾ ਕਹਿਰ , 18 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ:ਜਲੰਧਰ : ਕੋਰੋਨਾ ਵਾਇਰਸ ਦੇ ਸ਼ੁਰੂਆਤੀ ਪਸਾਰ ਦੌਰਾਨ ਹਰ ਦੇਸ਼ ਨੇ ਲੌਕਡਾਊਨ ਲਾਗੂ ਕਰਕੇ ਇਸ ਦੇ ਤੇਜ਼ੀ ਨਾਲ ਵਧਣ 'ਤੇ ਰੋਕ ਲਾਉਣ ਦੇ ਯਤਨ ਕੀਤੇ ਸਨ ਪਰ ਕੁਝ ਸਮੇਂ ਬਾਅਦ ਹੀ ਦੇਸ਼ਾਂ ਵੱਲੋਂ ਲੌਕਡਾਊਨ 'ਚ ਛੋਟ ਦੇ ਦਿੱਤੀ ਗਈ ,ਜਿਸ ਤੋਂ ਬਾਅਦ ਹਾਲਾਤ ਇਕ ਵਾਰ ਫਿਰ ਕਾਬੂ ਤੋਂ ਬਾਹਰ ਹੋ ਗਏ ਹਨ। ਜਲੰਧਰ 'ਚ ਵੀਰਵਾਰ ਨੂੰ 18 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਜਲੰਧਰ 'ਚ 6 ਔਰਤਾਂ ਤੇ 12 ਮਰਦਾਂ ਨੂੰ ਕੋਰੋਨਾ ਨੇ ਚਪੇਟ 'ਚ ਲਿਆ ਹੈ। ਇਸ ਦੌਰਾਨ ਜਲੰਧਰ ਜ਼ਿਲੇ ਵਿੱਚ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 742 ਹੋ ਗਈ ਹੈ। ਇਸ ਵਾਇਰਸ ਦੇ ਨਾਲ 22 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 476 ਲੋਕ ਠੀਕ ਹੋਣ ਤੋਂ ਬਾਅਦ ਘਰ ਭੇਜੇ ਗਏ ਹੈ। ਇਸ ਸਮੇਂ ਜ਼ਿਲ੍ਹੇ 'ਚ ਫਿਲਹਾਲ 244 ਐਕਟਿਵ ਕੇਸ ਹਨ। ਇੱਥੇ ਰਾਹਤ ਦੀ ਗੱਲ ਇਹ ਵੀ ਹੈ ਕਿ ਅੱਜ 200 ਤੋਂ ਵੱਧ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਵੀ ਆਈ ਹੈ।

ਦੱਸ ਦੇਈਏ ਕਿ ਸੰਗਰੂਰ ਦੇ ਮਲੇਰਕੋਟਲਾ ਵਿੱਚ ਅੱਜ 60 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਨਾਲ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ 'ਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਪੀੜਤ ਮਲੇਰਕੋਟਲਾ ਦੀ 60 ਸਾਲਾ ਮਹਿਲਾ ਦੀ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ 'ਚ ਮੌਤ ਹੋ ਗਈ ਹੈ। ਮਹਿਲਾ ਨੂੰ ਸੀਐੱਮਸੀ ਹਸਪਤਾਲ 'ਚ 24 ਜੂਨ ਨੂੰ ਭਰਤੀ ਕਰਵਾਇਆ ਗਿਆ ਸੀ ਅਤੇ ਵੀਰਵਾਰ ਸਵੇਰੇ ਸਾਢੇ ਤਿੰਨ ਵਜੇ ਔਰਤ ਨੇ ਅੰਤਿਮ ਸਾਹ ਲਿਆ ਹੈ।

-PTCNews

Related Post