ਦੁਬਈ ਦੀਆਂ ਸੜਕਾਂ 'ਤੇ ਰੁਲ਼ਦੇ 2 ਪੰਜਾਬੀਆਂ ਦੀ ਵਤਨ ਵਾਪਸੀ ਦਾ ਹੋਇਆ ਇੰਤਜ਼ਾਮ

By  Panesar Harinder September 11th 2020 01:57 PM -- Updated: September 11th 2020 02:22 PM

ਹੁਸ਼ਿਆਰਪੁਰ - ਚੰਗੇ ਭਵਿੱਖ ਦੀ ਭਾਲ਼ 'ਚ ਵਿਦੇਸ਼ ਜਾ ਕੇ ਖੱਜਲ-ਖੁਆਰੀ ਦਾ ਸ਼ਿਕਾਰ ਹੋਣ ਵਾਲੀ ਇੱਕ ਹੋਰ ਖ਼ਬਰ ਆਈ ਹੈ। ਖ਼ਬਰ ਦੁਬਈ ਤੋਂ ਹੈ, ਪਰ ਇਸ ਨਾਲ ਚੰਗੀ ਗੱਲ ਇਹ ਵੀ ਆਈ ਹੈ ਕਿ ਬਿਨਾਂ ਛੱਤ ਦੇ ਖੁੱਲ੍ਹੇ ਅਸਮਾਨ ਹੇਠ ਦਿਨ ਕਟੀ ਕਰਨ ਵਾਲੇ ਇਨ੍ਹਾਂ 2 ਜਣਿਆਂ ਦੀ ਭਾਰਤ ਵਾਪਸੀ ਦਾ ਪ੍ਰਬੰਧ ਹੋ ਗਿਆ ਹੈ।

2 stranded Punjabis coming back

ਪਤਾ ਲੱਗਿਆ ਹੈ ਕਿ ਰੋਜ਼ੀ-ਰੋਟੀ ਕਮਾਉਣ ਲਈ ਪੰਜਾਬ ਤੋਂ ਦੁਬਈ ਗਏ 2 ਵਿਅਕਤੀ, ਦਰ-ਦਰ ਦੀਆਂ ਠੋਕਰਾਂ ਖਾਂਦੇ ਹੋਏ ਦੁਬਈ ਦੀਆਂ ਸੜਕਾਂ 'ਤੇ ਰਾਤਾਂ ਗੁਜ਼ਾਰਨ ਲਈ ਮਜਬੂਰ ਹੋ ਰਹੇ ਹਨ। ਦੁਬਈ 'ਚ ਹੀ ਰਹਿ ਰਹੇ ਇੱਕ ਪਾਕਿਸਤਾਨੀ ਨੌਜਵਾਨ ਰਈਸ਼ ਕੁਮਾਰ ਵੱਲੋਂ ਇਨ੍ਹਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ ਗਈ ਜੋ ਬੜੀ ਵਾਇਰਲ ਹੋਈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਇਨ੍ਹਾਂ 'ਚੋਂ ਇੱਕ ਵਿਅਕਤੀ ਫਗਵਾੜਾ ਦੇ ਨੇੜਲੇ ਪਿੰਡ ਜਗਪਾਲਪੁਰ ਦਾ ਹੈ ਅਤੇ ਦੂਜਾ ਗੁਰਦਾਸਪੁਰ ਦੇ ਪਿੰਡ ਠੀਕਰੀਵਾਲ ਗੁਰਾਇਆਂ ਦਾ ਹੈ।

2 stranded Punjabis coming back

ਵਾਇਰਲ ਹੋਈ ਵੀਡੀਓ ਦੇਖਣ ਤੋਂ ਬਾਅਦ ਇਨ੍ਹਾਂ ਦੇ ਪਰਿਵਾਰਾਂ ਵੱਲੋਂ ਸਰਕਾਰਾਂ ਅੱਗੇ ਇਨ੍ਹਾਂ ਦੀ ਘਰ-ਵਾਪਸੀ ਲਈ ਫਰਿਆਦ ਕੀਤੀ ਗਈ। ਇਸੇ ਲਈ ਕਾਰਵਾਈ ਕਰਦੇ ਹੋਏ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਅਤੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਟਵੀਟ ਕਰਦੇ ਹੋਏ ਕੇਂਦਰੀ ਵਿਦੇਸ਼ ਮੰਤਰੀ ਨੂੰ ਇਸ ਮਾਮਲੇ 'ਚ ਮਦਦ ਦੀ ਅਪੀਲ ਕੀਤੀ।

2 stranded Punjabis coming back

ਮਾਮਲੇ ਉੱਤੇ ਕਾਰਵਾਈ ਹੋਣ ਉਪਰੰਤ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਦੋਵੇਂ ਵਿਅਕਤੀਆਂ ਨੂੰ ਦੁਬਈ ਸਥਿਤ ਭਾਰਤੀ ਦੂਤਾਵਾਸ ਪਹੁੰਚਾਇਆ ਜਾ ਚੁੱਕਿਆ ਹੈ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਫੋਨ 'ਤੇ ਗੱਲਬਾਤ ਦੌਰਾਨ ਕਿਹਾ ਕਿ ਇਨ੍ਹਾਂ ਦੀ ਵਤਨ ਵਾਪਸੀ ਦੀ ਲੋੜੀਂਦੀਆਂ ਕਾਰਵਾਈਆਂ ਅਰੰਭ ਦਿੱਤੀਆਂ ਗਈਆਂ ਹਨ, ਅਤੇ ਛੇਤੀ ਹੀ ਇਹ ਦੋਵੇਂ ਆਪਣੇ ਘਰ ਪਰਤ ਆਉਣਗੇ।

ਪੰਜਾਬੀਆਂ ਦੇ ਵਿਦੇਸ਼ ਪ੍ਰਤੀ ਖਿੱਚ ਨੂੰ ਸਾਬਤ ਕਰਦੀਆਂ ਖ਼ਬਰਾਂ ਦੇ ਨਾਲ ਨਾਲ, ਇਸ ਵਾਸਤੇ ਅੰਨ੍ਹੀ ਦੌੜ ਦਾ ਸ਼ਿਕਾਰ ਹੋ ਕੇ ਬਦ ਤੋਂ ਬਦਤਰ ਹਾਲਾਤਾਂ ਦੇ ਸ਼ਿਕਾਰ ਹੋਣ ਵਾਲਿਆਂ ਦੀਆਂ ਖ਼ਬਰਾਂ ਵੀ ਲਗਾਤਾਰ ਦੇਖਣ ਸੁਣਨ ਨੂੰ ਮਿਲਦੀਆਂ ਹਨ। ਬਾਅਦ ਵਿੱਚ ਪਛਤਾਉਣ ਨਾਲੋਂ ਚੰਗਾ ਹੈ ਕਿ ਚੀਜ਼ਾਂ ਤੇ ਹਾਲਾਤਾਂ ਨੂੰ ਪਹਿਲਾਂ ਠੰਢੇ ਦਿਮਾਗ ਨਾਲ ਸੋਚਿਆ ਵਿਚਾਰਿਆ ਜਾਵੇ, ਅਤੇ ਫ਼ਿਰ ਉਸ ਬਾਰੇ ਕਦਮ ਚੁੱਕੇ ਜਾਣ।

Related Post