ਕੋਟ ਈਸੇ ਖਾਂਰੋਡ 'ਤੇ ਫੀਡ ਫ਼ੈਕਟਰੀ 'ਚ ਕੰਮ ਕਰਦੇ ਦੋ ਭਰਾਵਾਂ ਸਮੇਤ 3 ਵਰਕਰਾਂ ਦੀ ਹੋਈ ਮੌਤ

By  Shanker Badra April 6th 2020 04:53 PM

ਕੋਟ ਈਸੇ ਖਾਂਰੋਡ 'ਤੇ ਫੀਡ ਫ਼ੈਕਟਰੀ 'ਚ ਕੰਮ ਕਰਦੇ ਦੋ ਭਰਾਵਾਂ ਸਮੇਤ 3 ਵਰਕਰਾਂ ਦੀ ਹੋਈ ਮੌਤ:ਮੋਗਾ : ਕਸਬਾ ਕੋਟ ਈਸੇ ਖਾਂ ਦੇ ਨੇੜਲੇ ਪਿੰਡ ਚੀਮਾ ਰੋਡ 'ਤੇ ਸਥਿਤ ਇਕ ਫੀਡ ਫ਼ੈਕਟਰੀ 'ਚ ਸਵੇਰ ਸਮੇਂ ਕੰਮ ਕਰਦੇ ਫ਼ੈਕਟਰੀ ਦੇ ਤਿੰਨ ਵਰਕਰਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਪੰਜਾਬ 'ਚ ਲੱਗੇ ਕਰਫਿਊ ਦੌਰਾਨ ਫੀਡ ਫੈਕਟਰੀ 'ਚ ਬਣੇ ਟੈਂਕਰ ਦੀ ਸਫਾਈ ਕਰਨ ਗਏ 3 ਮਜ਼ਦੂਰਾਂ ਦੀ ਗੈਸ ਚੜ੍ਹਣ ਨਾਲ ਮੌਤ ਹੋ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਫੀਡ ਫੈਕਟਰੀ ਦੀ ਟੈਂਕੀ ਦੀ ਸਫਾਈ ਕਰਨ ਲਈ ਇਕ ਮਜ਼ਦੂਰ ਸਫਾਈ ਕਰਨ ਲਈ ਗਿਆ ਸੀ, ਉੱਥੇ ਗੈਸ ਚੜ੍ਹਣ ਕਾਰਨ ਉਹ ਟੈਂਕਰ ਦੇ ਵਿੱਚ ਹੀ ਰਹਿ ਗਿਆ। ਜਦੋਂ ਦੋਵੇਂ ਮਜ਼ਦੂਰ ਉਸ ਨੂੰ ਬਚਾਉਣ ਲਈ ਗਏ ਤਾਂ ਉਹ ਵੀ ਟੈਂਕੀ 'ਚ ਹੀ ਰਹਿ ਗਏ ਅਤੇ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਪੀ ਹਰਿੰਦਰਪਾਲ ਸਿੰਘ ਪਰਮਾਰ, ਡੀ.ਐੱਸ.ਪੀ ਯਾਦਵਿੰਦਰ ਸਿੰਘ ਬਾਜਵਾ, ਥਾਣਾ ਮੁਖੀ ਜਸਵਿੰਦਰ ਸਿੰਘ ਭੱਟੀ ਵੱਲੋਂ ਜਾਂਚ ਅਰੰਭਦਿਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ ਤੇ ਫ਼ੈਕਟਰੀ 'ਚ ਮੌਜੂਦ ਹੋਰਨਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਓਧਰ ਦੂਜੇ ਪਾਸੇ ਫੈਕਟਰੀ ਦੇ ਮੁਨੀਮ ਨੇ ਦੱਸਿਆ ਕਿ ਫੈਕਟਰੀ 'ਚ ਸੀਰੇ ਦਾ ਟੈਂਕਰ ਸੀ ਅਤੇ ਮਜ਼ਦੂਰ ਉਸ ਦੀ ਸਫਾਈ ਕਰ ਰਹੇ ਹਨ। ਇਸ ਦੌਰਾਨ ਗੈਸ ਚੜ੍ਹਣ ਕਾਰਨ ਉਨ੍ਹਾਂ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਨ੍ਹਾਂ 'ਚੋਂ ਦੋ ਖੋਸਾ ਕੋਟਲਾ ਪਿੰਡ ਨਾਲ ਸਬੰਧਿਤ ਸਕੇ ਭਰਾ ਦੱਸੇ ਜਾ ਰਹੇ ਹਨ ਜਦਕਿ ਤੀਜਾ ਮਜ਼ਦੂਰ ਪਿੰਡ ਨਸੀਰਪੁਰ ਜਾਨੀਆ ਦਾ ਦੱਸਿਆ ਜਾ ਰਿਹਾ ਹੈ।

-PTCNews

Related Post