SGPC ਨੇ ਹਸਪਤਾਲ 'ਚ 300 ਬੈੱਡ ਅਤੇ 10 ਵੈਂਟੀਲੇਟਰ ਰੱਖੇ ਰਾਖਵੇਂ : ਭਾਈ ਗੋਬਿੰਦ ਸਿੰਘ ਲੌਂਗੋਵਾਲ

By  Shanker Badra April 4th 2020 05:30 PM

SGPC ਨੇ ਹਸਪਤਾਲ 'ਚ 300 ਬੈੱਡ ਅਤੇ 10 ਵੈਂਟੀਲੇਟਰ ਰੱਖੇ ਰਾਖਵੇਂ: ਭਾਈ ਗੋਬਿੰਦ ਸਿੰਘ ਲੌਂਗੋਵਾਲ:ਅੰਮ੍ਰਿਤਸਰ : ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਲੋੜਵੰਦਾਂ ਲਈ ਵੱਡੀ ਰਾਹਤ ਬਣੀ ਹੋਈ ਹੈ। ਸ਼੍ਰੋਮਣੀ ਕਮੇਟੀ ਨੇ ਕਰਫਿਊ ਕਾਰਨ ਘਰ ਬੈਠੇ ਬੇਹੱਦ ਲੋੜਵੰਦਾਂ ਨੂੰ ਜਿਥੇ ਗੁਰਦੁਆਰਾ ਸਾਹਿਬਾਨ ਤੋਂ ਲੰਗਰ ਮੁਹੱਈਆ ਕਰਵਾਉਣ ਦੀ ਸੇਵਾ ਜਾਰੀ ਰੱਖੀ ਹੋਈ ਹੈ, ਉਥੇ ਹੀ ਮੈਡੀਕਲ ਸੇਵਾਵਾਂ ਲਈ ਵੀ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਪ੍ਰਬੰਧ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਇਸ ਹਸਪਤਾਲ ਵਿਖੇ 300 ਬੈੱਡ ਤੇ 10 ਵੈਂਟੀਲੇਟਰ ਰਾਖਵੇਂ ਰੱਖੇ ਹਨ। ਇਸ ਦੇ ਨਾਲ ਹੀ ਸਰਾਂਵਾਂ ਵਿਖੇ ਵੀ ਅਲਾਹਿਦਗੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋੜਵੰਦਾਂ ਨੂੰ ਜੋਨ ਪੱਧਰ ’ਤੇ ਲੰਗਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਇਸ ਜੋਨ ਵਿਚ ਕੁੱਲ 27 ਗੁਰਦਆਰੇ ਹਨ, ਜਿਥੋਂ ਲੰਗਰ ਵਰਤਾਉਣ ਲਈ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਖੁਦ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਤੱਕ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਲੰਗਰ ਬਿਨ੍ਹਾਂ ਭੇਦ ਭਾਵ ਦੇ ਛਕਾਇਆ ਜਾ ਰਿਹਾ ਹੈ। ਭਾਈ ਮਹਿਤਾ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ 9 ਕੇਂਦਰਾਂ ਤੱਕ ਲੰਗਰ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤੋਂ ਵੀ ਵੱਡੀ ਗਿਣਤੀ ਵਿਚ ਲੰਗਰ ਸੇਵਾ ਦਿੱਤੀ ਜਾ ਰਹੀ ਹੈ।

ਅੰਮ੍ਰਿਤਸਰ ਸ਼ਹਿਰ ਦੇ ਕੇਂਦਰਾਂ ਵਿਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਮਾਲ ਮੰਡੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੌੜਾ ਫਾਟਕ, ਗੁਰਦੁਆਰਾ ਸ੍ਰੀ ਪਿੱਪਲੀ ਸਾਹਿਬ ਪੁਤਲੀਘਰ, ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ, ਸ਼ਹੀਦ ਊਧਮ ਸਿੰਘ ਹਾਲ ਭਗਤਾਂਵਾਲਾ, ਗੁਰੁਦਆਰਾ ਭਾਈ ਮੰਝ ਜੀ, ਗੁਰਦੁਆਰਾ ਬੋਹੜੀ ਸਾਹਿਬ ਕੋਟ ਖਾਲਸਾ, ਗੁਰਦੁਆਰਾ ਆਟਰੀ ਸਾਹਿਬ ਸੁਲਤਾਨਵਿੰਡ ਅਤੇ ਗੁਰਦੁਆਰਾ ਨਾਨਕਸਰ ਸਾਹਿਬ ਵੇਰਕਾ ਸ਼ਾਮਲ ਹਨ। ਭਾਈ ਮਹਿਤਾ ਨੇ ਦੱਸਿਆ ਕਿ ਮਾਝਾ ਜੋਨ ਦੇ 27 ਗੁਰਦੁਆਰੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਜਲੰਧਰ ਤੇ ਕਪੂਰਥਲਾ ਜਿਲ੍ਹੇ ਨਾਲ ਸਬੰਧਤ ਹਨ। ਮਾਝਾ ਖੇਤਰ ਦੇ ਬਿਲਕੁਲ ਨਾਲ ਲੱਗਦੇ ਹੋਣ ਕਾਰਨ ਜਲੰਧਰ ਦੇ ਗੁਰਦੁਆਰਾ ਥੰਮ ਜੀ ਸਾਹਿਬ ਕਰਤਾਰਪੁਰ ਤੇ ਕਪੂਰਥਲਾ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਨੂੰ ਜੋੜਿਆ ਗਿਆ ਹੈ।

-PTCNews

Related Post