ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਸਬੰਧੀ ਸਮਾਰੋਹ ਮਨਾਉਣ ਲਈ ਕੇਂਦਰੀ ਸਹਾਇਤਾ ਵਾਸਤੇ ਮੋਦੀ ਨੂੰ ਪੱਤਰ, 2145.31 ਕਰੋੜ ਰੁਪਏ ਦੇ ਫੰਡਾਂ ਦੀ ਮੰਗ

By  Joshi June 3rd 2018 05:26 PM

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਸਬੰਧੀ ਸਮਾਰੋਹ ਮਨਾਉਣ ਲਈ ਕੇਂਦਰੀ ਸਹਾਇਤਾ ਵਾਸਤੇ ਮੋਦੀ ਨੂੰ ਪੱਤਰ

ਵਿਸ਼ੇਸ਼ ਸਮਾਰੋਹ ਵਾਸਤੇ ਬੁਨਿਆਦੀ ਢਾਂਚੇ ਲਈ 2145.31 ਕਰੋੜ ਰੁਪਏ ਦੇ ਫੰਡਾਂ ਦੀ ਮੰਗ

ਚੰਡੀਗੜ੍ਹ, 3 ਜੂਨ: ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਲੇ ਸਾਲ ਸ਼ਾਨਦਾਰ ਤਰੀਕੇ ਨਾਲ ਮਨਾਏ ਜਾ ਰਹੇ 550ਵੇਂ ਜਨਮ ਦਿਵਸ ਸਮਾਰੋਹ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ ਵੱਖ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਅਤੇ ਵੱਖ ਵੱਖ ਕਸਬਿਆਂ ਅਤੇ ਸ਼ਹਿਰਾਂ ਵਿਚ ਵਿਸ਼ੇਸ਼ ਪ੍ਰੋਗਰਾਮ ਮਨਾਏ ਜਾਣ ਲਈ ਭਾਰਤ ਸਰਕਾਰ ਤੋਂ 2145.31 ਕਰੋੜ ਰੁਪਏ ਦੀ ਸਹਾਇਤਾ ਦੀ ਮੰਗ ਕੀਤੀ ਹੈ |

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਿਖੇ ਇੱਕ ਪੱਤਰ ਵਿਚ, ਮੁੱਖ ਮੰਤਰੀ ਜੋ ਸੂਬਾ ਪੱਧਰੀ ਸਮਾਰੋਹ ਆਯੋਜਿਤ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਸੁਝਾਅ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਇੱਕ ਰਾਸ਼ਟਰੀ ਸਮਾਰੋਹ ਆਯੋਜਿਤ ਕਮੇਟੀ ਬਣਾਈ ਜਾਵੇ ਜੋ ਦੇਸ਼ ਭਰ ਵਿਚ ਮਨਾਏ ਜਾ ਰਹੇ ਇਨ੍ਹਾਂ ਇਤਿਹਾਸਕ ਸਮਾਰੋਹਾਂ ਉੱਤੇ ਨਿਗਰਾਨੀ ਰੱਖੇ |

550 birth anniversary guru nanak dev ji sikh guruਮੁੱਖ ਮੰਤਰੀ ਜੋ ਛੇਤੀ ਹੀ ਇਸ ਮੁੱਦੇ 'ਤੇ ਵਿਚਾਰ ਵਟਾਂਦਰਾ ਕਰਨ ਲਈ ਨਿੱਜੀ ਤੌਰ 'ਤੇ ਪ੍ਰਧਾਨ ਮੰਤਰੀ ਨੂੰ ਮਿਲਣਗੇ ਨੇ ਕਿਹਾ ਕਿ ਵੱਖ ਵੱਖ ਸੂਬਿਆਂ ਵਿਚ ਇਹ ਸਮਾਰੋਹ ਮਨਾਉਣ ਲਈ ਇੱਕ ਸਾਲ ਦਾ ਕਲੰਡਰ ਤਿਆਰ ਕੀਤਾ ਜਾ ਰਿਹਾ ਹੈ | ਇਸ ਦੌਰਾਨ ਸੁਲਤਾਨਪੁਰ ਲੋਧੀ (ਕਪੂਰਥਲਾ), ਡੇਰਾ ਬਾਬਾ ਨਾਨਕ ਤੇ ਬਟਾਲਾ (ਗੁਰਦਾਸਪੁਰ) ਵਰਗੀਆਂ ਥਾਵਾਂ ਉੱਤੇ ਸਮਾਰੋਹ ਮਨਾਉਣ ਲਈ ਮੁੱਖ ਰੂਪ ਵਿਚ ਧਿਆਨ ਕੇਂਦਰਤ ਕੀਤਾ ਜਾਵੇਗਾ ਜੋ ਕਿ ਗੁਰੂ ਨਾਨਕ ਦੇਵ ਜੀ ਨਾਲ ਬਹੁਤ ਜ਼ਿਆਦਾ ਸਬੰਧਤ ਹਨ |

ਮੁੱਖ ਮੰਤਰੀ ਨੇ ਕਿਹਾ ਕਿ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ, ਬਟਾਲਾ ਅਤੇ ਗੁਰੂ ਹਰਸਹਾਏ ਕਸਬਿਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕੁਝ ਵਸਤਾਂ ਹਨ ਅਤੇ ਇਨ੍ਹਾਂ ਸਮਾਰੋਹਾਂ ਨੂੰ ਮਨਾਉਣ ਦੇ ਹਿੱਸੇ ਵਜੋਂ ਇਨ੍ਹਾਂ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਵਾਲੇ ਕਸਬਿਆਂ ਦੇ ਵਿਸ਼ੇਸ਼ ਬੁਨਿਆਦੀ ਢਾਂਚੇ ਦਾ ਵਿਕਾਸ ਕੀਤੇ ਜਾਣ ਦੀ ਜ਼ਰੂਰਤ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਇਨ੍ਹਾਂ ਇਤਿਹਾਸਕ ਸਮਾਰੋਹਾਂ ਦੇ ਮੌਕੇ ਪੰਜਾਬ ਵਿਚ ਕੁਝ ਸਮਰਪਿਤ ਵਿਸ਼ੇਸ਼ ਪ੍ਰਾਜੈਕਟ ਦੇਵੇ |

ਇਸ ਪੱਤਰ ਨੇ ਨਾਲ ਇੱਕ ਵਿਸਤ੍ਰਤ ਯਾਦਪੱਤਰ ਵੀ ਭੇਜਿਆ ਗਿਆ ਹੈ ਜਿਸ ਵਿਚ ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ, ਬਟਾਲਾ ਅਤੇ ਗੁਰੂ ਹਰਸਹਾਏ ਵਰਗੇ ਇਤਿਹਾਸਕ ਕਸਬਿਆਂ ਦੇ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ 875.03 ਕਰੋੜ ਰੁਪਏ ਦੀ ਮੰਗ ਕੀਤੀ ਹੈ | ਇਹ ਪ੍ਰਸਤਾਵਿਤ ਕੰਮ ਮੁੱਖ ਤੌਰ 'ਤੇ ਇਨ੍ਹਾਂ ਕਸਬਿਆਂ ਵਿਚ ਸ਼ਹਿਰੀ ਸੜਕਾਂ ਅਤੇ ਪੁਲਾਂ ਦੇ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਨਾਲ ਸਬੰਧਤ ਹਨ | ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਇਹ ਫੰਡ ਮਕਾਨ ਅਤੇ ਸ਼ਹਿਰੀ ਮਾਮਲਿਆਂ ਅਤੇ ਸੜਕੀ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲਿਆਂ ਵੱਲੋਂ ਜਾਰੀ ਕੀਤੇ ਜਾ ਸਕਦੇ ਹਨ |

ਮੁੱਖ ਮੰਤਰੀ ਨੇ ਅੰਮਿ੍ਤਸਰ ਵਿਖੇ ਅੰਤਰ-ਵਿਸਵਾਸ਼ ਅਧਿਐਨ ਦੇ ਲਈ ਸ੍ਰੀ ਗੁਰੂ ਨਾਨਕ ਦੇਵ ਨੈਸ਼ਨਲ ਇੰਸਟੀਚਿਊਟ ਦੀ ਸਥਾਪਨਾ ਲਈ ਮਾਨਵੀ ਸਰੋਤ ਵਿਕਾਸ ਮੰਤਰਾਲੇ ਤੋਂ 350 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਵੀ ਮੰਗੀ ਹੈ | ਇਸ ਇੰਸਟੀਚਿਊਟ ਲਈ ਜ਼ਮੀਨ ਸੂਬਾ ਸਰਕਾਰ ਵੱਲੋਂ ਉਪਲਬੱਧ ਕਰਵਾਈ ਜਾਵੇਗੀ | ਇਸ ਦਾ ਉਦੇਸ਼ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਉੱਤੇ ਵਿਸ਼ੇਸ਼ ਜ਼ੋਰ ਦੇਣ ਤੋਂ ਇਲਾਵਾ ਪਹਿਲੇ ਸਿੱਖ ਗੁਰੂ ਅਤੇ ਸਬੰਧਤ ਧਰਮਾਂ ਦੇ ਅਧਿਐਨ ਅਤੇ ਖੋਜ ਲਈ ਮੰਚ ਮੁਹੱਈਆ ਕਰਵਾਉਣਾ ਹੈ | ਇਸ ਪ੍ਰਸਤਾਵਿਤ ਇੰਸਟੀਚਿਊਟ ਵਿਚ ਧਰਮਾਂ ਅਧਿਐਨ ਬਾਰੇ ਵੱਖ ਵੱਖ ਸਮਰਪਿਤ ਸੈਂਟਰ ਹੋਣਗੇ |

ਮੁੱਖ ਮੰਤਰੀ ਨੇ ਗੁਰਦਾਸਪੁਰ ਵਿਖੇ 500 ਬਿਸਤਰਿਆਂ ਦੇ ਸ੍ਰੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅਤੇ ਸੁਪਰ ਸਪੈਸ਼ਲਟੀ ਹਸਪਤਾਲ ਦੀ ਸਥਾਪਨਾ ਲਈ 500 ਕਰੋੜ ਰੁਪਏ ਦੀ ਸਹਾਇਤਾ ਦੀ ਵੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲਿ੍ਹਆਂ ਗੁਰਦਾਸਪੁਰ ਅਤੇ ਪਠਾਨਕੋਟ ਵਿਖੇ ਸਿਹਤ ਸੁਵਿਧਾਵਾਂ ਤਸੱਲੀਬਖ਼ਸ਼ ਨਹੀਂ ਹਨ ਜਿਸ ਵਾਸਤੇ ਉਨ੍ਹਾਂ ਨੇ ਅਤਿਆਧੁਨਿਕ ਸੁਪਰ ਸਪੈਸ਼ਲਟੀ ਹਸਪਤਾਲ ਦਾ ਪ੍ਰਸਤਾਵ ਕੀਤਾ ਹੈ ਜਿਸ ਵਿਚ ਦਿੱਲ, ਦਿਮਾਗ, ਨੈਫਰੋਲੋਜੀ, ਪੇਟ ਦੀਆਂ ਬਿਮਾਰੀਆਂ ਅਤੇ ਓਨਕੋਲੋਜੀ ਸਣੇ ਸਾਰੀਆਂ ਸੁਵਿਧਾਵਾਂ ਹੋਣਗੀਆਂ | ਇਸ ਤੋਂ ਇਲਾਵਾ 150 ਅੰਡਰ ਗਰੈਜੁਏਟ ਅਤੇ ਮੈਡੀਸਨ ਲਈ ਢੁੱਕਵੀਂ ਅਨੁਪਾਤ ਵਿਚ ਪੋਸਟ ਗਰੈਜੁਏਟ ਸੀਟਾਂ ਹੋਣਗੀਆਂ |

550 birth anniversary guru nanak dev ji sikh guruਮੁੱਖ ਮੰਤਰੀ ਨੇ ਇਕ ਵਿਰਾਸਤੀ ਪਿੰਡ- ਪਿੰਡ ਬਾਰੇ ਨਾਨਕ ਦਾ- ਦੀ ਸਥਾਪਨਾ ਕਰਨ ਲਈ ਸੱਭਿਆਚਾਰਕ ਮੰਤਰਾਲੇ ਕੋਲੋਂ 200 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੀ ਮੰਗ ਕੀਤੀ ਹੈ | ਇਹ ਪਿੰਡ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਜੀਵਨ ਨੂੰ ਦਰਸਾਵੇਗਾ | ਇਹ ਪ੍ਰਸਤਾਵਿਤ ਪਿੰਡ ਸੁਲਤਾਨਪੁਰ ਲੋਧੀ ਵਿਖੇ 75-100 ਏਕੜ ਰਕਬੇ ਵਿਚ ਸਥਾਪਤ ਕੀਤਾ ਜਾਵੇਗਾ | ਸੁਰੱਖਿਆ ਕਾਰਨਾਂ ਕਰਕੇ ਇਸ ਦੇ ਆਲੇ-ਦੁਆਲੇ ਚਾਰ ਦੀਵਾਰੀ ਹੋਵੇਗੀ ਅਤੇ ਇਹ 15ਵੀਂ/16ਵੀਂ ਸਦੀ ਦਾ ਇਕ ਪਿੰਡ ਹੋਵੇਗਾ | ਇਸ ਵਿਚ ਕੁਝ ਮਕਾਨ ਬਣਾਏ ਜਾਣਗੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਵਿਸ਼ੇਸ਼ ਘਟਨਾਵਾਂ ਨੂੰ ਦਰਸਾਉਣਗੇ | ਇਹ ਵਿਰਾਸਤੀ ਪਿੰਡ ਇੱਕ ਬਹੂ-ਅਨੁਸਾਸ਼ਤੀ ਪ੍ਰਾਜੈਕਟ ਦਾ ਹਿੱਸਾ ਹੋਵੇਗਾ | ਇਸ ਵਿਚ ਕਾਂਜਲੀ ਵੈਟਲੈਂਡ ਅਤੇ ਪਵਿੱਤਰ ਕਾਲੀ ਬੇਈਾ ਦੀ ਮੁੜ ਸੁਰਜੀਤੀ ਅਤੇ ਵਿਕਾਸ ਵੀ ਸ਼ਾਮਲ ਹੋਵੇਗਾ |

ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਪੰਜਾਬ ਦੇ 15 ਜ਼ਿਲਿ੍ਹਆਂ ਵਿਚ 40 ਹੋਰ ਵਿਰਾਸਤੀ ਪਿੰਡ ਬਣਾਉਣ ਲਈ 100 ਕਰੋੜ ਰੁਪਏ ਦੀ ਮੰਗ ਕੀਤੀ ਹੈ | ਇਨ੍ਹਾਂ ਥਾਵਾਂ ਉੱਤੇ ਪਹਿਲੇ ਗੁਰੂ ਬਹੁਤ ਵਾਰੀ ਗਏ ਸਨ | ਸੂਬਾ ਸਰਕਾਰ ਇਨ੍ਹਾਂ 40 ਵਿਰਾਸਤੀ ਪਿੰਡਾਂ ਨੂੰ ਸੁਵਿਧਾਵਾਂ ਦੇ ਬੁਨਿਆਦੀ ਮਾਪਦੰਡਾਂ ਦੇ ਅਧਾਰਤ ਵਿਕਸਤ ਕਰਨਾ ਚਾਹੁੰਦੀ ਹੈ ਜਿਨ੍ਹਾਂ ਵਿਚ ਇੱਕ ਪ੍ਰਾਈਮਰੀ/ਮਿਡਲ/ਹਾਇਅਰ ਸਕੈਂਡਰੀ ਸਕੂਲ, ਇੱਕ ਪੀ.ਐਚ.ਸੀ, ਇੱਕ ਪਸ਼ੂ ਹਸਪਤਾਲ ਅਤੇ ਇੱਕ ਆਂਗਨਵਾੜੀ ਕੇਂਦਰ ਹੋਵੇਗਾ | ਇਨ੍ਹਾਂ ਪਿੰਡਾਂ ਨੂੰ ਆਰਥਿਕ ਸਰਗਰਮੀਆਂ ਦੇ ਧੁਰੇ ਵਜੋਂ ਵੀ ਵਿਕਸਤ ਕੀਤਾ ਜਾਵੇਗਾ | ਇਨ੍ਹਾਂ ਵਿਚ ਇਕ ਦਿਹਾਤੀ 'ਹੱਟ' ਅਤੇ ਸਹਿਕਾਰੀ ਸੇਵਾ ਅਤੇ ਇੱਕ ਹੁਨਰ ਵਿਕਾਸ ਕੇਂਦਰ ਹੋਵੇਗਾ |

ਇੱਕ ਸਾਲ ਚੱਲਣ ਵਾਲੇ ਪ੍ਰਸਤਾਵਿਤ ਸਮਾਰੋਹ ਲਈ 100 ਕਰੋੜ ਰੁਪਏ ਦੀ ਗ੍ਰਾਂਟ ਦੀ ਵੀ ਮੰਗ ਕੀਤੀ ਗਈ ਹੈ ਜਿਸ ਦੇ ਨਾਲ ਨਨਕਾਣਾ ਸਾਹਿਬ ਜਾਂ ਵਾਹਗਾ ਸਰਹੱਦ ਤੋਂ ਇਕ ਨਗਰ ਕੀਰਤਨ ਸ਼ੁਰੂ ਕੀਤਾ ਜਾਵੇਗਾ | ਇਸ ਦਾ ਮੁੱਖ ਸਮਾਰੋਹ ਸੁਲਤਾਨਪੁਰ ਲੋਧੀ ਹੋਵੇਗਾ ਜਿਸ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇੜੀਉਂ ਜੁੜੇ ਰਹੇ ਹਨ | ਨਗਰ ਕੀਰਤਨ ਅਤੇ ਸਮਾਰੋਹ ਡੇਰਾ ਬਾਬਾ ਨਾਨਕ ਜੋ ਕਿ ਕਰਤਾਰਪੁਰ (ਹੁਣ ਪਾਕਿਸਤਾਨ) ਦੇ ਨੇੜੇ ਹੈ ਵਿਖੇ ਸਮਾਪਤ ਹੋਵੇਗਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ ਧਾਰਿਆ ਸੀ |

ਇਸ ਤੋਂ ਇਲਾਵਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਸੈਮੀਨਾਰ, ਸੰਪੋਜ਼ਿਅਮ, ਪ੍ਰਦਰਸ਼ਨੀਆਂ, ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਆਦਿ ਵਿਚ ਇਸ ਇਤਿਹਾਸਕ ਸਮਾਰੋਹ ਨਾਲ ਸਬੰਧਤ ਮੁਕਾਬਲੇ ਵੀ ਕਰਵਾਏ ਜਾਣ ਦਾ ਪ੍ਰਸਤਾਵ ਹੈ | ਇਨ੍ਹਾਂ ਸਮਾਰੋਹਾਂ ਵਿਚ ਬਹੁਤ ਸਾਰੀਆਂ ਉੱਘੀਆਂ ਰਾਸ਼ਟਰੀ ਸਖ਼ਸ਼ੀਅਤਾਂ ਦੇ ਪਹੁੰਚਣ ਦੀ ਸੰਭਾਵਨਾ ਹੈ |

—PTC News

Related Post