AAP ਮੁਖੀ ਅਰਵਿੰਦ ਕੇਜਰੀਵਾਲ ਅੱਜ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਚੁੱਕਣਗੇ ਸਹੁੰ

By  Shanker Badra February 16th 2020 10:28 AM

AAP ਮੁਖੀ ਅਰਵਿੰਦ ਕੇਜਰੀਵਾਲ ਅੱਜ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਚੁੱਕਣਗੇ ਸਹੁੰ:ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅੱਜ ਤੀਜੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਹੀ ਹੋਵੇਗਾ, ਜਿੱਥੇ ਕੇਜਰੀਵਾਲ ਦੇ ਨਾਲ-ਨਾਲ ਉਨ੍ਹਾਂ ਦੇ ਮੰਤਰੀ ਵੀ ਸਹੁੰ ਚੁੱਕਣਗੇ।

ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿਚ ਦਿੱਲੀ ਦੇ ਸਾਰੇ ਸਕੂਲਾਂ ਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਨੂੰ ਸੱਦਾ ਦਿੱਤਾ ਗਿਆ ਹੈ। ਸਿੱਖਿਆ ਡਾਇਰੈਕਟੋਰੇਟ (ਡਾਇਰੈਕਟੋਰੇਟ ਆਫ ਐਜੁਕੇਸ਼ਨ) ਵਲੋਂ ਸਾਰੇ ਸਕੂਲਾਂ ਦੇ ਅਧਿਆਪਕਾਂ, ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਹੈੱਪੀਨੇਸ ਕੋਆਰਡੀਨੇਸ਼ਨ ਅਤੇ ਸਿੱਖਿਆ ਅਧਿਕਾਰੀਆਂ ਨੂੰ ਸੱਦਾ ਦਿੱਤਾ ਗਿਆ ਹੈ। ਸਿੱਖਿਆ ਡਾਇਰੈਕਟੋਰੇਟ ਇਸ ਲਈ ਬਕਾਇਦਾ ਸਰਕੂਲਰ ਜਾਰੀ ਕੀਤਾ ਗਿਆ ਹੈ।

ਇਸ ਸਮਾਗਮ ਵਿਚ ਪੰਜਾਬ ਸਮੇਤ ਕਈ ਹੋਰ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਵੀ ਪਹੁੰਚ ਰਹੇ ਹਨ।ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ, ਸੂਬੇ ਦੇ ਵਿਧਾਇਕ ਅਤੇ ਪਾਰਟੀ ਇਕਾਈ ਦੇ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿਚ ਸਮਾਗਮ ਵਿੱਚ ਪਹੁੰਚ ਸਕਦੇ ਹਨ।

ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ। ਇਸ ਤੋਂ ਇਲਾਵਾ ਦਿੱਲੀ ਦੇ ਸਾਰੇ ਲੋਕ ਸਭਾ ਮੈਂਬਰਾਂ ਅਤੇ ਭਾਜਪਾ ਦੇ ਨਵੇਂ ਚੁਣੇ ਅੱਠ ਵਿਧਾਇਕਾਂ ਨੂੰ ਵੀ ਸੱਦਾ ਪੱਤਰ ਭੇਜਿਆ ਹੈ। ਇਸ ਮੌਕੇ ਕਿਸੇ ਵੀ ਹੋਰ ਸੂਬੇ ਦਾ ਮੁੱਖ ਮੰਤਰੀ ਨੂੰ ਨਹੀਂ ਸੱਦਿਆ ਗਿਆ ਕਿਉਂਕਿ ਇਹ ਸਿਰਫ ਵਿਸ਼ੇਸ਼ ਤੌਰ ਉੱਤੇ ਦਿੱਲੀ ਦਾ ਸਮਾਗਮ ਹੋਵੇਗਾ।

ਦੱਸ ਦਈਏ ਕਿ ਦਿੱਲੀ ‘ਚ ਆਮ ਆਦਮੀ ਪਾਰਟੀ ਨੇ 70 ‘ਚੋਂ 62 ਸੀਟਾਂ ਨਾਲ ਬਹੁਮਤ ਲੈ ਕੇ ਜਿੱਤ ਹਾਸਲ ਕੀਤੀ ਹੈ। ਕੇਜਰੀਵਾਲ ਅੱਜ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਦਿੱਲੀ ਚੋਣਾਂ ‘ਚ ਭਾਜਪਾ ਨੂੰ ਸਿਰਫ 8 ਸੀਟਾਂ ਮਿਲੀਆਂ ਹਨ ,ਜਦਕਿ ਕਾਂਗਰਸ ਪਿਛਲੀ ਵਾਰ ਵਾਂਗ ਇਸ ਵਾਰ ਵੀ ਖਾਤਾ ਵੀ ਨਹੀਂ ਖੋਲ੍ਹ ਸਕੀ।

-PTCNews

Related Post