ਅਕਾਲੀ ਆਗੂ ਮਿੱਡੂਖੇੜਾ ਦੇ ਪਰਿਵਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ, ਹਥਿਆਰ ਜਮ੍ਹਾਂ ਨਾ ਕਰਾਉਣ ਤੋਂ ਮੰਗੀ ਛੋਟ

By  Jasmeet Singh February 2nd 2022 08:38 PM -- Updated: February 2nd 2022 08:57 PM

ਮੋਹਾਲੀ: ਮੋਹਾਲੀ ਦੇ ਸੈਕਟਰ 71 ’ਚ 7 ਅਗਸਤ ਨੂੰ ਨੌਜਵਾਨ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਖ਼ੌਫ ’ਚ ਜੀਅ ਰਿਹਾ ਹੈ। ਪਰਿਵਾਰ ਨੇ ਹੁਣ ਭਾਰਤ ਦੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਆਪਣੇ ਲਾਇਸੰਸੀ ਹਥਿਆਰ ਜਮ੍ਹਾਂ ਨਾ ਕਰਵਾਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਕਾਂਗਰਸ ਪਾਰਟੀ ਲੋਕਤੰਤਰ ਦੇ ਨਾਂ 'ਤੇ ਕੀਤੇ ਧੋਖੇ ਦਾ ਲੋਕਾਂ ਨੂੰ ਜਵਾਬ ਦੇਵੇ: ਸ਼੍ਰੋਮਣੀ ਅਕਾਲੀ ਦਲ

ਮਿੱਡੂਖੇੜਾ ਦੇ ਭਰਾ ਅਜੇਪਾਲ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਵਾਰ ਵਾਰ ਗੁਹਾਰ ਲਾਉਣ ਦੇ ਬਾਵਜ਼ੂਦ ਵੀ ਪੁਲਿਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਨਹੀਂ ਕਰਵਾਈ, ਜਦਕਿ ਉਨ੍ਹਾਂ ਦੇ ਪਰਿਵਾਰ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।

ਉਨ੍ਹਾਂ ਪੰਜਾਬ ਦੇ ਅਧਿਕਾਰੀਆਂ ਨੂੰ ਜਲਦੀ ਉਚਿਤ ਸੁਰੱਖਿਆ ਦੇਣ ਲਈ ਪੱਤਰ ਲਿਖਿਆ ਸੀ ਪ੍ਰੰਤੂ ਸਾਰਾ ਕੁੱਝ ਬੇਅਸਰ ਰਿਹਾ। ਉਨ੍ਹਾਂ ਹੁਣ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਪੁਲਿਸ ਉਨ੍ਹਾਂ ਨੂੰ ਚੋਣਾਂ ਦੇ ਮੱਦੇਨਜ਼ਰ ਹਥਿਆਰ ਜਮ੍ਹਾਂ ਕਰਵਾਉਣ ਲਈ ਆਖ ਰਹੀ ਹੈ ਪਰ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਨ੍ਹਾਂ ਦੇ ਲਾਇਸੰਸੀ ਹਥਿਆਰ ਜਮ੍ਹਾਂ ਨਾ ਕਰਵਾਏ ਜਾਣ ਤੇ ਛੋਟ ਦਿੱਤੀ ਜਾਵੇ।

ਦੱਸਣਯੋਗ ਹੈ ਕਿ ਵਿੱਕੀ ਮਿੱਡੂਖੇੜਾ ਕਾਫੀ ਹਰਮਨ ਪਿਆਰੇ ਯੂਥ ਅਮਾਲੀ ਆਗੂ ਸਨ। ਉਨ੍ਹਾਂ ਦੇ ਭਰਾ ਅਜੇਪਾਲ ਸਿੰਘ ਮਿੱਡੂਖੇੜਾ ਵੀ ਯੂਥ ਅਕਾਲੀ ਆਗੂ ਹਨ ਅਤੇ ਉਨ੍ਹਾਂ ਦੇ ਪਿਤਾ ਅਕਾਲੀ ਦਲ ਦੇ ਆਗੂ ਹਨ ਅਤੇ ਅਕਾਲੀ ਦਲ ਦੀ ਰਾਜਨੀਤੀ ’ਚ ਸਰਗਰਮ ਹਨ।

ਅਜੇਪਾਲ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਵਿੱਕੀ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਵੀ ਖ਼ਤਰਾ ਹੈ। ਇਸੇ ਖ਼ਤਰੇ ਕਾਰਨ ਉਨ੍ਹਾਂ ਦੇ ਪਿਤਾ ਵੀ ਚੋਣ ਪ੍ਰਚਾਰ ’ਚ ਭਾਗ ਨਹੀਂ ਲੈ ਰਹੇ। ਉਨ੍ਹਾਂ ਦਾ ਰਾਜਨੀਤਕ ਕੈਰੀਅਰ ਵੀ ਨਕਾਰਾਤਮਕ ਰੂਪ ਤੋਂ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਸੁਰੱਖਿਆ ਦੀ ਘਾਟ ਕਾਰਨ ਉਹ ਆਜ਼ਾਦ ਤੌਰ ’ਤੇ ਬਾਹਰ ਨਹੀਂ ਜਾ ਸਕਦੇ ਜਿਸ ਕਰਕੇ ਉਨ੍ਹਾਂ ਲਾਇਸੰਸੀ ਹਥਿਆਰਾਂ ਨੂੰ ਆਪਣੇ ਕੋਲ ਰੱਖਣ ਦੀ ਆਗਿਆ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਪਰਿਵਾਰ ਪੁਲਿਸ ਅਤੇ ਪੰਜਾਬ ਸਰਕਾਰ ਤੋਂ ਵਿੱਕੀ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਿਹਾ ਹੈ ਪ੍ਰੰਤੂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। 7 ਮਹੀਨੇ ਬੀਤ ਚੁੱਕੇ ਹਨ ਪਰ ਕਤਲ ਦੇ ਪਿੱਛੇ ਕੀ ਮਕਸਦ ਸੀ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਵੱਲੋਂ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਦੀ ਢਿੱਲੀ ਕਾਰਵਾਈ ਕਾਰਨ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇੰਟਰਨੈੱਟ ਕਾਲ ਤੋਂ ਵੀ ਧਮਕੀਆਂ ਮਿਲ ਰਹੀਆਂ ਹਨ।

ਉਨ੍ਹਾਂ ਇਸ ਗੱਲ ’ਤੇ ਨਾਰਾਜਗੀ ਪ੍ਰਗਟਾਉਂਦਿਆਂ ਕਿਹਾ ਕਿ ਚੰਨੀ ਸਰਕਾਰ ਨੇ ਸੀਸੀਟੀਵੀ ਫੁਟੇਜ਼ ਅਤੇ ਹੋਰ ਸੁਰਾਗਾਂ ’ਚ ਕਾਤਲਾਂ ਦੇ ਸਪੱਸ਼ਟ ਇਰਾਦੇ ਸਾਹਮਣੇ ਆਉਣ ਦੇ ਬਾਵਜ਼ੂਦ ਵੀ ਮਾਮਲੇ ਨੂੰ ਸੁਲਝਾਉਣ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਪੰਜਾਬ ਦੇ ਗ੍ਰਹਿ ਮੰਤਰੀ ਅਤੇ ਇੱਥੋਂ ਤੱਕ ਕਿ ਡੀਜੀਪੀ ਤੋਂ ਵੀ ਸੰਪਰਕ ਕਰਕੇ ਉਨ੍ਹਾਂ ਦੇ ਪਰਿਵਾਰ ਦੀ ਦੁਰਦਸ਼ਾ ਬਾਰੇ ਦੱਸਿਆ ਸੀ। ਉਨ੍ਹਾਂ ਦੇ ਪਿਤਾ ਅਤੇ ਮਾਤਾ ਜੀ ਸ੍ਰੀ ਮੁਕਤਸਰ ਸਾਹਿਬ ਤੋਂ ਮੋਹਾਲੀ ਤੱਕ ਵੀ ਨਹੀਂ ਆ ਸਕਦੇ। ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ’ਚ ਕੋਈ ਵੀ ਪੰਜਾਬ ਦੇ ਨਾਗਰਿਕ ਦੀ ਆਜ਼ਾਦੀ ਦੀ ਰੱਖਿਆ ਕਰਨ ’ਚ ਰੁਚੀ ਨਹੀਂ ਰੱਖਦਾ।

ਇਹ ਵੀ ਪੜ੍ਹੋ: ਮੁਕਾਓ 10 ਫੁੱਟ ਲੰਮਾ ਡੋਸਾ ਤੇ ਪਾਓ 71,000 ਰੁਪਏ

ਉਨ੍ਹਾਂ ਨੂੰ ਉਮੀਦ ਹੈ ਕਿ ਚੋਣ ਕਮਿਸ਼ਨ ਸਾਰੇ ਹਾਲਤਾਂ ’ਤੇ ਵਿਚਾਰ ਕਰੇਗਾ ਅਤੇ ਉਨ੍ਹਾਂ ਨੂੰ ਆਪਣੇ ਹਥਿਆਰ ਰੱਖਣ ਦੀ ਇਜਾਜ਼ਤ ਦੇਵੇਗਾ ਤਾਂ ਕਿ ਉਹ ਆਪਣੀ ਰੱਖਿਆ ਕਰ ਸਕਣ।

-PTC News

Related Post