550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਰਹ ਮਾਹਾ ਤੁਖਾਰੀ ਸਬੰਧੀ ਪੁਸਤਕ ਨਾਲ ਡਾ. ਰੂਪ ਸਿੰਘ ਨੇ ਭੇਟ ਕੀਤੀ ਸ਼ਰਧਾ

By  Jashan A November 22nd 2019 05:14 PM

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਰਹ ਮਾਹਾ ਤੁਖਾਰੀ ਸਬੰਧੀ ਪੁਸਤਕ ਨਾਲ ਡਾ. ਰੂਪ ਸਿੰਘ ਨੇ ਭੇਟ ਕੀਤੀ ਸ਼ਰਧਾ,ਅੰਮ੍ਰਿਤਸਰ:ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਤੇ ਸਿੱਖ ਚਿੰਤਕ ਡਾ. ਰੂਪ ਸਿੰਘ ਨੇ ਪਹਿਲੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਬਾਰਹ ਮਾਹਾ ਸਬੰਧੀ ਇਕ ਵਿਲੱਖਣ ਪੁਸਤਕ ਤਿਆਰ ਕੀਤੀ ਹੈ। ਇਸ ਪੁਸਤਕ ਵਿਚ ਬਾਰਹ ਮਾਹਾ ਬਾਣੀ ਅਧਾਰਿਤ ਹਰ ਮਹੀਨੇ ਦੀ ਵਿਆਖਿਆ ਦੇ ਨਾਲ-ਨਾਲ ਵਿਸ਼ਵ ਪ੍ਰਸਿੱਧ ਫੋਟੋਗ੍ਰਾਫਰ ਤੇਜ ਪ੍ਰਤਾਪ ਸਿੰਘ ਸੰਧੂ ਦੀ ਢੁੱਕਵੀਂ ਫੋਟੋਗ੍ਰਾਫੀ ਵੀ ਸ਼ਾਮਲ ਹੈ।

ਪੁਸਤਕ ਦਾ ਪ੍ਰਕਾਸ਼ਨ ਦਿੱਲੀ ਦੇ ਪ੍ਰਸਿੱਧ ਪ੍ਰਕਾਸ਼ਕ ਥਾਮਸਨ ਪ੍ਰੈੱਸ ਵੱਲੋਂ ਕੀਤਾ ਗਿਆ ਹੈ, ਜਿਸ ਲਈ ਸ. ਰਣਯੋਧ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ। ਇਹ ਪੁਸਤਕ 9 ਨਵੰਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ‘ਅੰਤਰ ਧਰਮ ਸੰਵਾਦ ਸੰਮੇਲਨ’ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਾਂਝੇ ਤੌਰ ’ਤੇ ਜਾਰੀ ਕੀਤੀ ਗਈ ਸੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਡਾ. ਰੂਪ ਸਿੰਘ ਦੀ ਇਹ ਪੁਸਤਕ ਗੁਰੂ ਸਾਹਿਬ ਨੂੰ 550ਵੇਂ ਪ੍ਰਕਾਸ਼ ਪੁਰਬ ਮੌਕੇ ਸਤਿਕਾਰ ਵਜੋਂ ਹੈ। ਭਾਈ ਲੌਂਗੋਵਾਲ ਨੇ ਡਾ. ਰੂਪ ਸਿੰਘ ਵੱਲੋਂ ਪ੍ਰਬੰਧਕੀ ਕਾਰਜਾਂ ਦੇ ਨਾਲ-ਨਾਲ ਲਿਖਣ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਵੀ ਸਲਾਹਿਆ।

ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਨ ਕੀਤੀ ਗਈ ਬਾਰਹ ਮਾਹਾ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਤੁਖਾਰੀ ਰਾਗ ਵਿਚ ਅੰਕਿਤ ਹੈ। ਪੁਸਤਕ ਦੇ ਰਚੇਤਾ ਡਾ. ਰੂਪ ਸਿੰਘ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰਹ ਮਾਹਾ ਬਾਣੀ ਵਿਚ ਰੱਬੀ ਸੰਦੇਸ਼ ਨੂੰ ਮਨੁੱਖਤਾ ਤੱਕ ਪਹੁੰਚਾਉਣ ਲਈ ਪਰਮਾਤਮਾ ਦੀ ਕੁਦਰਤ ਨੂੰ ਮਾਧਿਅਮ ਬਣਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਪੁਸਤਕ ਅੰਦਰ ਇਸ ਬਾਣੀ ਬਾਰਹ ਮਾਹਾ ਅਨੁਸਾਰ ਹਰ ਮਹੀਨੇ ਦੀ ਵਿਆਖਿਆ ਅਤੇ ਸਬੰਧਤ ਤਸਵੀਰਾਂ ਸ਼ਾਮਲ ਕੀਤੀਆਂ ਹਨ। ਤਸਵੀਰਾਂ ਹਰ ਮਹੀਨੇ ਦੇ ਕੁਦਰਤੀ ਸੁਭਾਅ ਅਨੁਸਾਰ ਹਨ। ਇਸ ਨਾਲ ਗੁਰਬਾਣੀ ਦੇ ਭਾਵ ਅਰਥ ਅਤੇ ਸੁਨੇਹੇ ਨੂੰ ਸਮਝਣਾ ਸੌਖਾ ਹੋਵੇਗਾ।

ਡਾ. ਰੂਪ ਸਿੰਘ ਨੇ ਦੱਸਿਆ ਕਿ ਅਕਾਲ ਪੁਰਖ-ਕਰਤੇ ਦੀ ਕਿਰਤ ਨਾਲ ਜੁੜਨ ਲਈ ਉਸ ਦੀ ਕਿਰਤ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਇਸੇ ਕਰਕੇ ਗੁਰੂ ਸਾਹਿਬਾਨ ਨੇ ਰੁੱਤਾਂ, ਥਿੱਤਾਂ, ਸਾਲਾਂ, ਮਹੀਨਿਆਂ, ਦਿਨਾਂ, ਪਹਿਰਾਂ, ਪਲਾਂ ਆਦਿ ਨੂੰ ਗੁਰਬਾਣੀ ਵਿਚ ਵਰਤਿਆ ਹੈ। ਉਨ੍ਹਾਂ ਕਿਹਾ ਕਿ ਕੁਦਰਤ ਦੀ ਵਿਸ਼ਾਲਤਾ ਨੂੰ ਸਮਝਣ ਲਈ ਬਾਰਹ ਮਾਹਾ ਬਾਣੀ ਅਹਿਮ ਹੈ। ਇਸ ਵਿਚ ਮੌਸਮ ਦੇ ਸੁਭਾਅ ਅਨੁਸਾਰ ਕੁਦਰਤ ਦੇ ਮਨੁੱਖ ’ਤੇ ਪੈਂਦੇ ਅਸਰ ਦਾ ਚਿਤਰਨ ਹੈ।

ਇਸ ਬਾਣੀ ਦਾ ਭਾਵ ਕੁਦਰਤ ਰਾਹੀਂ ਪਰਮਾਤਮਾ ਨਾਲ ਜੁੜਨ ਦਾ ਇੱਕ ਸੁਨੇਹਾ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਨੂੰ ਸਿਰਜਣ ਦਾ ਮੰਤਵ ਪਰਮਾਤਮਾ ਅਤੇ ਉਸ ਦੀ ਕੁਦਰਤ ਨਾਲ ਇਕਸੁਰ ਹੋਣ ਦੀ ਪ੍ਰੇਰਣਾ ਵਜੋਂ ਹੈ।

ਦੱਸਣਯੋਗ ਹੈ ਕਿ ਡਾ. ਰੂਪ ਸਿੰਘ ਵੱਲੋਂ ਸਿੱਖੀ ਨਾਲ ਸਬੰਧਤ ਅਨੇਕਾਂ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ। ਹਾਲ ਹੀ ਵਿਚ ਉਨ੍ਹਾਂ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪਾਕਿਸਤਾਨ, ਭਾਰਤ ਤੇ ਨੇਪਾਲ ਵਿਚ ਸਥਿਤ ਗੁਰਧਾਮਾਂ ਬਾਰੇ ਵੀ ਪੁਸਤਕ ਵੀ ਆਈ ਹੈ।

ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਹੁਣ ਤੱਕ ਦੇ ਪ੍ਰਧਾਨਾਂ ਸਬੰਧੀ ਵੀ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਚ ਪੁਸਤਕ ਲਿਖੀ ਹੈ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮਿਆਂ, ਆਦੇਸ਼ਾਂ ਤੇ ਸੰਦੇਸ਼ਾਂ ਬਾਰੇ ਵੀ ਡਾ. ਰੂਪ ਸਿੰਘ ਦੀ ਪੁਸਤਕ ਮਹੱਤਵਪੂਰਨ ਮੰਨੀ ਜਾਂਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ, ਰਵਾਇਤਾਂ ਤੇ ਇਥੇ ਸਥਿਤ ਹੋਰ ਅਸਥਾਨਾਂ ਸਬੰਧੀ ਵੀ ਉਨ੍ਹਾਂ ਦੀ ਪੁਸਤਕ ਦੁਨੀਆਂ ਭਰ ’ਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਦਿੱਤੀ ਜਾਂਦੀ ਹੈ।

-PTC News

Related Post