ਭਾਖੜਾ ਡੈਮ ਬੋਰਡ ਦੀ ਮੈਨੇਜਮੈਂਟ ਦੀ ਭਰੋਸੇਯੋਗਤਾ 'ਤੇ ਉੱਠੇ ਸਵਾਲਾਂ ਦਾ ਜਵਾਬ ਕੇਂਦਰ ਸਰਕਾਰ ਦੇਵੇ: ਗਿਆਨੀ ਹਰਪ੍ਰੀਤ ਸਿੰਘ

By  Jashan A August 28th 2019 06:04 PM

ਭਾਖੜਾ ਡੈਮ ਬੋਰਡ ਦੀ ਮੈਨੇਜਮੈਂਟ ਦੀ ਭਰੋਸੇਯੋਗਤਾ 'ਤੇ ਉੱਠੇ ਸਵਾਲਾਂ ਦਾ ਜਵਾਬ ਕੇਂਦਰ ਸਰਕਾਰ ਦੇਵੇ: ਗਿਆਨੀ ਹਰਪ੍ਰੀਤ ਸਿੰਘ,ਅੰਮ੍ਰਿਤਸਰ : ਪੰਜਾਬ ਦੇ ਭੂਗੋਲ ਦਾ ਇੱਕ ਹਿੱਸਾ ਹੜ੍ਹਾਂ ਦੀ ਤਬਾਹੀ ਦੀ ਭੇਂਟ ਚੜ੍ਹ ਗਿਆ ਹੈ, ਜਿਸ ਕਰਕੇ ਸਥਾਨਕ ਲੋਕਾਂ ਦਾ ਜਨਜੀਵਨ ਬੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹੜ੍ਹ ਕਾਰਨ ਹਜ਼ਾਰਾਂ ਪਰਿਵਾਰਾਂ ਦਾ ਉਜਾੜਾ ਹੋਣਾ ਅਤੇ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਣ ਦੀਆਂ ਜੋ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਉਨ੍ਹਾਂ ਨੇ ਹਰ ਪੰਜਾਬੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਤਬਾਹੀ ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਇਹ ਤਬਾਹੀ ਕੁਦਰਤੀ ਆਫਤ ਸਦਕਾ ਹੋਈ ਹੈ ਜਾਂ ਭਾਖੜਾ ਡੈਮ ਬੋਰਡ ਮੈਨੇਜਮੈਂਟ ਦੀ ਅਣਗਹਿਲੀ ਕਾਰਨ ਹੋਈ ਹੈ ਇਹ ਸੱਚ ਪੰਜਾਬ ਦੇ ਲੋਕਾਂ ਸਾਹਮਣੇ ਰੱਖਣ ਦੀ ਲੋੜ ਹੈ। ਸੱਚ ਸਾਹਮਣੇ ਲਿਆਉਣ ਲਈ ਸਮੁੱਚੇ ਘਟਨਾਕ੍ਰਮ ਦੀ ਜਾਂਚ ਕਰਾਉਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਭਾਖੜਾ ਡੈਮ ਬੋਰਡ ਮੈਨੇਜਮੈਂਟ ਦੀ ਭਰੋਸੇਯੋਗਤਾ ਉੱਤੇ ਜੋ ਸਵਾਲ ਉੱਠੇ ਹਨ ਉਸ ਭਰੋਸੇਯੋਗਤਾ ਨੂੰ ਬਹਾਲ ਕਰਨਾ ਡੈਮ ਮੈਨੇਜਮੈਂਟ ਦੀ ਜ਼ਿਮੇਂਵਾਰੀ ਬਣਦੀ ਹੈ। ਇਨ੍ਹਾਂ ਹੜ੍ਹਾਂ ਨੂੰ ਲੈਕੇ ਦੇਸ਼ ਵਿਦੇਸ਼ ਚ ਰਹਿਣ ਵਾਲੇ ਹਰ ਪੰਜਾਬੀ ਦੇ ਮਨ ਚ ਇੱਕ ਸ਼ੱਕ ਉਭਰਿਆ ਹੈ ਜਿਨ੍ਹਾਂ ਤਾਰੀਖਾਂ ਚ ਡੈਮ ਤੋਂ ਪਾਣੀ ਛੱਡਣ ਕਰਕੇ ਪੰਜਾਬ ਦਾ ਇੱਕ ਹਿੱਸਾ ਹੜ੍ਹ ਦੀ ਮਾਰ ਹੇਠ ਆਉਂਦਾ ਹੈ ਉਨ੍ਹਾਂ ਹੀ ਤਾਰੀਖਾਂ ਚ ਸੂਬੇ ਦਾ ਵੱਡਾ ਹਿੱਸਾ ਮਾਲਵਾ ਖੇਤਰ ਨਹਿਰੀ ਪਾਣੀ ਦੀ ਕਟੌਤੀ ਨਾਲ ਜੂਝ ਰਿਹਾ ਹੁੰਦਾ ਹੈ।

ਭਾਖੜਾ ਲਾਈਨ ਨਹਿਰ,ਰਾਜਸਥਾਨ ਨੂੰ ਪਾਣੀ ਦੇਣ ਵਾਲੀਆਂ ਦੋ ਗੰਗ ਕੈਨਾਲ ਸਮੇਤ ਮਾਲਵੇ ਦੀਆਂ ਅੱਧੀ ਦਰਜਨ ਪ੍ਰਮੁੱਖ ਵੱਡੀਆਂ ਨਹਿਰਾਂ ਬੰਦ ਰੱਖੀਆਂ ਜਾਂਦੀਆਂ ਹਨ। ਭਾਖੜਾ ਡੈਮ ਬੋਰਡ ਦੀ ਇਸ ਦੋਹਰੀ ਨੀਤੀ ਉੱਤੇ ਪੰਜਾਬ ਦੇ ਸਿਆਸਤਦਾਨਾਂ,ਇੰਜੀਨੀਅਰਾਂ ਅਤੇ ਆਮ ਲੋਕਾਂ ਵੱਲੋਂ ਜੋ ਸਵਾਲ ਉਠਾਏ ਜਾ ਰਹੇ ਹਨ ਉਨ੍ਹਾਂ ਦਾ ਪੁਖਤਾ ਜਵਾਬ ਕੇਂਦਰ ਸਰਕਾਰ ਦੇਵੇ ਕਿਉਂਕਿ ਬੋਰਡ ਦੀ ਮੈਨੇਜਮੈਂਟ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਹੈ।

ਇਥੇ ਇਹ ਵੀ ਦੱਸਣਯੋਗ ਹੈ ਕਿ ਬੋਰਡ ਦੇ ਸਾਬਕਾ ਇੰਜੀਨੀਅਰਾਂ ਦੇ ਆਏ ਬਿਆਨ ਵੀ ਬੋਰਡ ਦੀ ਕਾਰਗੁਜ਼ਾਰੀ ਤੇ ਸ਼ੰਕਾ ਪ੍ਰਗਟ ਕਰਦੇ ਹਨ। ਹੜ੍ਹ ਪੀੜਿਤ ਲੋਕਾਂ ਦੀ ਮਦਦ ਲਈ ਦੇਸ਼ ਵਿਦੇਸ਼ਾਂ ਚ ਵਸਦੇ ਪੰਜਾਬੀਆਂ ਵਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਦੇਸ਼ ਵਿਦੇਸ਼ ਚ ਵਸਦੇ ਪੰਜਾਬੀਆਂ,ਧਾਰਮਿਕ ਸੰਸਥਾਵਾਂ,ਸਮਾਜ ਸੇਵੀ ਜਥੇਬੰਦੀਆਂ ਨੇ ਆਪਣੇ ਮੋਢਿਆਂ ਉੱਪਰ ਜ਼ਿਮੇਵਾਰੀ ਲੈਕੇ ਨਿਭਾਈ ਉਸ ਲਈ ਖਾਲਸਾ ਪੰਥ ਉਨ੍ਹਾਂ ਦਾ ਰਿਣੀ ਹੈ।

ਇਨ੍ਹਾਂ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਚ ਮਦਦ ਕਰਨ ਲਈ ਪੰਜਾਬੀਆਂ ਨੂੰ ਹੋਰ ਇੱਕਜੁੱਟਤਾ ਨਾਲ ਕੰਮ ਕਰਨ ਦੀ ਲੋੜ ਹੈ। ਇਨ੍ਹਾਂ ਦੀ ਉਦੋਂ ਤੱਕ ਮਦਦ ਕਰੀਏ ਜਦੋਂ ਪ੍ਰਭਾਵਿਤ ਆਖਰੀ ਪਰਿਵਾਰ ਦਾ ਜੀਵਨ ਮੁੜ ਲੀਹ ਉੱਤੇ ਨਹੀਂ ਆ ਜਾਂਦਾ।

-PTC News

Related Post