ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਕਿਰਤੀਆਂ ਦਾ ਸਨਮਾਨ ਵਿੱਲਖਣ ਪਹਿਲਕਦਮੀਂ

By  Jashan A October 16th 2019 08:36 PM

ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਕਿਰਤੀਆਂ ਦਾ ਸਨਮਾਨ ਵਿੱਲਖਣ ਪਹਿਲਕਦਮੀਂ,ਅੰਮ੍ਰਿਤਸਰ:ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਰਤੀਆਂ ਨੂੰ ਸਨਮਾਨ ਦੇ ਕੇ ਕਿਰਤ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਬੀਤੇ ਸਾਲ ਤੋਂ ਸ਼੍ਰੋਮਣੀ ਕਮੇਟੀ ਨੇ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਮੌਕੇ 52 ਕਿੱਤਾਕਾਰਾਂ ਨੂੰ ਵਿਸ਼ੇਸ਼ ਸਨਮਾਨ ਦੇਣ ਦੀ ਵਿਲੱਖਣ ਪਹਿਲਕਦਮੀ ਕੀਤੀ ਹੈ।

ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਮੌਕੇ ਸ੍ਰੀ ਗੁਰੂ ਰਾਮਦਾਸ ਜੀ ਨੇ 52 ਤਰ੍ਹਾਂ ਦੇ ਕਿੱਤਾਕਾਰਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦੁਆਲੇ ਵਸਾਇਆ ਸੀ, ਇਨ੍ਹਾਂ ਵਿਚ ਵੱਖ-ਵੱਖ ਤਰ੍ਹਾਂ ਦੇ ਕਿੱਤਾਕਾਰ ਸ਼ਾਮਲ ਸਨ। ਗੁਰੂ ਸਾਹਿਬ ਵੱਲੋਂ ਵਸਾਏ ਕਿੱਤਾਕਾਰ ਅੱਜ ਵੀ ਕਈ ਪੀੜ੍ਹੀਆਂ ਤੋਂ ਪਿਤਾ ਪੁਰਖੀ ਕਿੱਤਾ ਕਰ ਰਹੇ ਹਨ।

ਪਿਛਲੇ ਸਾਲ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਕਿੱਤਾਕਾਰਾਂ ਦੀ ਖੋਜ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਸੀ। ਇਸ ਦੀ ਬੇਹੱਦ ਪ੍ਰਸ਼ੰਸਾ ਕੀਤੀ ਗਈ ਸੀ। ਇਸ ਵਾਰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਕਿੱਤਾਕਾਰਾਂ ਦੀ ਥਾਂ ਵੱਖ-ਵੱਖ 52 ਕਿਰਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਕਿਰਤੀਆਂ ਵਿਚ ਕਈ ਬਜ਼ੁਰਗ ਵੀ ਸ਼ਾਮਲ ਹਨ, ਜੋ ਹੱਥੀਂ ਕਿਰਤ ਕਰਕੇ ਆਪਣਾ ਜੀਵਨ ਨਿਰਬਾਹ ਕਰ ਰਹੇ ਹਨ।

ਹੋਰ ਪੜ੍ਹੋ:ਅਮਰੀਕਾ ਦੇ ਲਾਸ ਏਂਜਲਸ ’ਚ ਖਾਲਸਾ ਸਾਜਨਾ ਦਿਵਸ ਮੌਕੇ ਜੁੜੀ ਭਰਵੀਂ ਸੰਗਤ, ਡਾ. ਰੂਪ ਸਿੰਘ ਨੇ ਕੀਤੀ ਸ਼ਮੂਲੀਅਤ

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਹੈ ਕਿ ਸਨਮਾਨਿਤ ਕੀਤੇ ਗਏ ਕਿੱਤਾਕਾਰਾਂ ਵਿਚ ਇਕ 80 ਸਾਲ ਦਾ ਬਜ਼ੁਰਗ ਵੀ ਸ਼ਾਮਲ ਹੈ, ਜੋ ਸਾਈਕਲਾਂ ਨੂੰ ਪੈਂਚਰ ਲਗਾ ਕੇ ਆਪਣਾ ਨਿਰਬਾਹ ਕਰਦਾ ਹੈ। ਅਜਿਹੇ ਕਿਰਤੀ ਸਮਾਜ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਕਿਹਾ ਕਿ ਕਿਰਤੀਆਂ ਨੂੰ ਸਨਮਾਨਿਤ ਕਰਨ ਦਾ ਮੰਤਵ ਕਿਰਤ ਸੱਭਿਆਚਾਰ ਨੂੰ ਸਨਮਾਨਣਾ ਹੈ। ਉਨ੍ਹਾਂ ਕਿਹਾ ਕਿ ਗੁਰੁ ਸਾਹਿਬ ਨੇ ਸਿੱਖ ਨੂੰ ਕਿਰਤੀ ਬਣਾਇਆ ਹੈ ਵਿਹਲੜ ਨਹੀਂ।

ਸਿੱਖ ਕਦੇ ਵੀ ਮੰਗ ਨਹੀਂ ਸਕਦਾ। ਉਹ ਆਪਣੇ ਗੁਰੂ ਸਾਹਿਬ ਦੇ ਉਪਦੇਸ਼ਾਂ ਅਤੇ ਜੀਵਨ ਜੁਗਤਿ ਅਨੁਸਾਰ ਹੱਥੀਂ ਕੀਤੀ ਘਾਲ ਨੂੰ ਪਹਿਲ ਦਿੰਦਾ ਹੈ। ਉਨ੍ਹਾਂ ਆਖਿਆ ਕਿ ਬੀਤੇ ਸਾਲ ਜਦੋਂ ਇਸ ਸਬੰਧੀ ਵਿਚਾਰ ਸਾਹਮਣੇ ਆਇਆ ਸੀ ਤਾਂ ਉਸ ਵਕਤ ਸਿੱਖ ਇਤਿਹਾਸ ਰੀਸਰਚ ਬੋਰਡ ਵੱਲੋਂ ਖੋਜ ਮਗਰੋਂ 52 ਕਿੱਤਿਆਂ ਦੀ ਸੂਚੀ ਬਣਾ ਕੇ ਉਨ੍ਹਾਂ ਅਨੁਸਾਰ ਪਿਤਾ ਪੁਰਖੀ ਕੰਮ ਕਰਨ ਵਾਲੇ ਕਿੱਤਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਸੀ।

ਇਸ ਦੇ ਵਿਸਥਾਰ ਵਜੋਂ ਇਸ ਵਾਰ ਕਿਰਤੀਆਂ ਨੂੰ ਸਨਮਾਨ ਦਿੱਤਾ ਗਿਆ ਹੈ। ਕਿਰਤੀ ਭਾਵੇਂ ਕਿਸੇ ਵੀ ਕਿੱਤੇ ਨਾਲ ਸਬੰਧਤ ਹੋਵੇ, ਉਹ ਸਮਾਜ ਲਈ ਪ੍ਰੇਰਣਾ ਸਰੋਤ ਰਹਿੰਦਾ ਹੈ। ਉਨ੍ਹਾਂ ਆਖਿਆ ਕਿ ਹੱਥੀਂ ਕੰਮ ਕਰਨਾ ਗੁਰੁ ਸਾਹਿਬਾਨ ਵੱਲੋਂ ਸਿਖਾਇਆ ਗਿਆ ਸੀ ਅਤੇ ਸ਼੍ਰੋਮਣੀ ਕਮੇਟੀ ਕਿਰਤੀਆਂ ਦਾ ਸਨਮਾਨ ਕਰਕੇ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰਦੀ ਹੈ। ਡਾ. ਰੂਪ ਸਿੰਘ ਨੇ ਦੱਸਿਆ ਕਿ ਕਿਰਤੀਆਂ ਨੂੰ ਸਨਮਾਨਿਤ ਕਰਨ ਲਈ ਗੁਰੂ ਘਰ ਦੇ ਸ਼ਰਧਾਲੂਆਂ ਵੱਲੋਂ ਵੀ ਹਿੱਸਾ ਪਾਇਆ ਗਿਆ ਹੈ।

ਇਸ ਵਿਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਵੱਡਾ ਸਹਿਯੋਗ ਰਿਹਾ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤੇ ਗਏ ਕਿਰਤੀਆਂ ਵਿਚ ਰਿਕਸ਼ਾ ਚਾਲਕ, ਹੱਥ ਵਾਲੀ ਮਸ਼ੀਨ ਨਾਲ ਸਿਲਾਈ ਦਾ ਕੰਮ ਕਰਨ ਵਾਲੇ, ਕੰਘੇ ਬਣਾਉਣ ਵਾਲੇ, ਮਾਲੀ, ਹਲਵਾਈ, ਲੱਕੜ ਦਾ ਕੰਮ ਕਰਨ ਵਾਲੇ, ਜੱਦੀਪੁਸ਼ਤੀ ਸਾਜ਼ਗਾਰ, ਭੜਭੂੰਜੇ, ਰਾਜਗਿਰੀ, ਲੌਹਾਰ, ਲਲਾਰੀ, ਕਢਾਈ ਤੇ ਤਰਪਾਈ ਦਾ ਕੰਮ ਕਰਨ ਵਾਲੇ, ਪੱਲੇਦਾਰ, ਰੇਹੜੀ ਫੜ੍ਹੀ ਵਾਲੇ, ਟਾਂਗਾ ਚਲਾਉਣ ਵਾਲੇ, ਢੋਆ-ਢੋਆਈ ਆਦਿ ਦਾ ਕੰਮ ਕਰਨ ਵਾਲੇ ਸ਼ਾਮਲ ਸਨ। ਇਨ੍ਹਾਂ ਕਿਰਤੀਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵੱਲੋਂ ਸਨਮਾਨ ਦੇ ਕੇ ਨਿਵਾਜਣਾ ਹੋਰ ਵੀ ਅਹਿਮ ਗੱਲ ਹੈ।

-PTC News

Related Post