ਸ੍ਰੀ ਗੁਰੂ ਰਾਮਦਾਸ ਲੰਗਰ ਲਈ ਘਿਓ ਦੇ ਟੈਂਡਰ ਸਬੰਧੀ ਦੋਸ਼ ਬੇਬੁਨਿਆਦ: ਮਿੱਠੂ ਸਿੰਘ ਕਾਹਨੇਕੇ

By  Jashan A November 23rd 2019 07:07 PM

ਸ੍ਰੀ ਗੁਰੂ ਰਾਮਦਾਸ ਲੰਗਰ ਲਈ ਘਿਓ ਦੇ ਟੈਂਡਰ ਸਬੰਧੀ ਦੋਸ਼ ਬੇਬੁਨਿਆਦ: ਮਿੱਠੂ ਸਿੰਘ ਕਾਹਨੇਕੇ

ਲੰਗਰ ਲਈ ਘਿਓ ਵਜ਼ਨ ਅਨੁਸਾਰ ਹੀ ਸਟੋਰ ’ਚ ਕੀਤਾ ਜਾਂਦਾ ਹੈ ਦਰਜ਼ -ਸ. ਦੀਨਪੁਰ

ਅੰਮ੍ਰਿਤਸਰ:ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਲਈ ਵਰਤੇ ਜਾਂਦੇ ਦੇਸੀ ਘਿਓ ਦੇ ਟੈਂਡਰ ਸਬੰਧੀ ਮਨਦੀਪ ਸਿੰਘ ਮੰਨਾ ਦੇ ਦੋਸ਼ਾਂ ਨੂੰ ਨਕਾਰਦਿਆਂ ਸ਼੍ਰੋਮਣੀ ਕਮੇਟੀ ਅਤੇ ਖਰੀਦ ਸਬ-ਕਮੇਟੀ ਦੇ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ ਮੰਨਾ ਵੱਲੋਂ ਇਹ ਜਾਣਬੁਝ ਕੇ ਸੰਸਥਾ ਨੂੰ ਬਦਨਾਮ ਕਰਨ ਅਤੇ ਫੋਕੀ ਸ਼ੌਹਰਤ ਹਾਸਲ ਕਰਨ ਲਈ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਘਿਓ ਦਾ ਟੈਂਡਰ ਦੇਣ ਸਮੇਂ ਇਸ਼ਤਿਹਾਰ ਰਾਹੀਂ ਪੂਰੇ ਭਾਰਤ ਭਰ ਦੇ ਪ੍ਰਾਈਵੇਟ ਅਤੇ ਸਹਿਕਾਰੀ ਅਦਾਰਿਆਂ ਨੂੰ ਬੁਲਾਇਆ ਗਿਆ ਸੀ। ਦਿੱਲੀ, ਹਰਿਆਣਾ, ਮਹਾਰਾਸ਼ਟਰ ਸਮੇਤ ਕਈ ਸੂਬਿਆਂ ਤੋਂ ਸਹਿਕਾਰੀ ਅਦਾਰਿਆਂ ਵੱਲੋਂ ਰੇਟ ਦਿੱਤੇ ਗਏ, ਜਦਕਿ ਵੇਰਕਾ ਦਾ ਰੇਟ ਸਭ ਤੋਂ ਘੱਟ 319 ਰੁਪਏ 80 ਪੈਸੇ ਪ੍ਰਤੀ ਕਿਲੋ ਹੋਣ ਕਰਕੇ ਉਸ ਨੂੰ ਟੈਂਡਰ ਦਿੱਤਾ ਗਿਆ, ਜੋ ਜੀ.ਐਸ.ਟੀ. ਲੱਗਣ ਉਪਰੰਤ ਸ਼੍ਰੋਮਣੀ ਕਮੇਟੀ ਨੂੰ 357 ਰੁਪਏ ਪ੍ਰਤੀ ਕਿਲੋ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਇਸ ਸਮੇਂ ਦੇਸੀ ਘਿਓ ਬਜ਼ਾਰੀ ਕੀਮਤ 440 ਰੁਪਏ ਦੇ ਕਰੀਬ ਹੈ। ਕਾਹਨੇਕੇ ਨੇ ਇਹ ਵੀ ਕਿਹਾ ਕਿ ਪ੍ਰਾਈਵੇਟ ਫਰਮ ਤੋਂ ਘਿਓ ਖਰੀਦਣ ਦੀ ਬਜਾਏ ਸਹਿਕਾਰੀ ਅਦਾਰਿਆਂ ਨੂੰ ਤਰਜ਼ੀਹ ਦਿੱਤੀ ਗਈ, ਕਿਉਂਕਿ ਸਹਿਕਾਰੀ ਅਦਾਰੇ ਲੋਕ ਪੱਖੀ ਹੋਣ ਕਰਕੇ ਵਧੀਆ ਕੁਆਲਟੀ ਦਾ ਘਿਓ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੰਨਾ ਵੱਲੋਂ ਟੈਂਡਰ ਸਬ-ਕਮੇਟੀ ਦੇ ਮੈਂਬਰਾਂ ਦੇ ਇਤਰਾਜ਼ ਦੀ ਗੱਲ ਵੀ ਨਿਰਅਧਾਰ ਹੈ।

ਟੈਂਡਰ ਪਾਸ ਕਰਨ ਸਮੇਂ ਸਾਰੇ ਮੈਂਬਰ ਸਹਿਮਤ ਸਨ। ਉਨ੍ਹਾਂ ਕਿਹਾ ਕਿ ਮੰਨਾ ਨੂੰ ਅਜਿਹੀ ਮਨਘੜਤ ਬਿਆਨਬਾਜ਼ੀ ਕਰਕੇ ਸੰਸਥਾ ਦੀ ਅਕਸ ਨੂੰ ਖਰਾਬ ਨਹੀਂ ਸੀ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਖਰੀਦ ਸਬ-ਕਮੇਟੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੰਗਰ ਲਈ ਵਰਤੀਆਂ ਜਾਂਦੀਆਂ ਸਾਰੀਆਂ ਵਸਤੂਆਂ ਦੇ ਟੈਂਡਰਾਂ ਨਿਯਮਾਂ ਅਨੁਸਾਰ ਅਤੇ ਪਾਰਦਰਸ਼ੀ ਢੰਗ ਨਾਲ ਹੀ ਦਿੱਤੇ ਹਨ।

ਹੋਰ ਪੜ੍ਹੋ: ਸੁਖਬੀਰ ਸਿੰਘ ਬਾਦਲ ਨੇ PM ਮੋਦੀ ਨੂੰ ਕੀਤੀ ਅਪੀਲ, ਕਰਤਾਰਪੁਰ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਨੂੰ ਹਟਾਇਆ ਜਾਵੇ

ਲੰਗਰ ਲਈ ਵਰਤੇ ਜਾਂਦੇ ਘਿਓ ਦੇ ਟੀਨਾਂ ਵਿੱਚੋਂ ਵਜ਼ਨ ਘੱਟ ਨਿਕਲਣ ਦੇ ਮਾਮਲੇ ਸਬੰਧੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਨੇ ਕਿਹਾ ਕਿ ਇਸ ਬਾਰੇ ਵੇਰਕਾ ਕੰਪਨੀ ਨੂੰ ਲਿਖਿਆ ਜਾ ਚੁੱਕਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਘਿਓ ਦੀ ਪਹੁੰਚ ਸਮੇਂ ਤੋਲ ਚੈੱਕ ਕਰਨ ਮਗਰੋਂ ਹੀ ਸਟੋਰ ਵਿਚ ਜਮ੍ਹਾਂ ਕੀਤਾ ਜਾਂਦਾ ਹੈ। ਸਾਰੀ ਕਾਰਵਾਈ ਮਗਰੋਂ ਹੀ ਵਜ਼ਨ ਅਨੁਸਾਰ ਅਦਾਇਗੀ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ 2 ਨਵੰਬਰ 2019 ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਆਏ 600 ਟੀਨ ਘਿਓ ਵਿੱਚੋਂ 40 ਕਿਲੋ ਘਿਓ ਘੱਟ ਨਿਕਲਿਆ ਸੀ। ਇਸ ਅਨੁਸਾਰ ਹੀ ਸਟੋਰ ਵਿਚ ਦਰਜ਼ ਕੀਤਾ ਗਿਆ। ਇਸ ਦੀ ਅਦਾਇਗੀ ਵੀ ਅਜੇ ਤੀਕ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਦੇ ਕਿਸੇ ਵੀ ਸਮਾਨ ਨੂੰ ਵਜ਼ਨ ਕਰਕੇ ਹੀ ਦਰਜ਼ ਕੀਤਾ ਜਾਂਦਾ ਹੈ। ਹਰ ਸਮਾਨ ਨੂੰ ਲੰਗਰ ਲਈ ਵਰਤਣ ਸਮੇਂ ਵੀ ਤੋਲ ਕੀਤਾ ਜਾਂਦਾ ਹੈ।

-PTC News

Related Post