ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਸੰਗਲਾਂ ਦੀ ਕਾਰ ਸੇਵਾ ਹੋਈ ਆਰੰਭ

By  Jashan A June 7th 2019 04:23 PM

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਸੰਗਲਾਂ ਦੀ ਕਾਰ ਸੇਵਾ ਹੋਈ ਆਰੰਭ,ਸ੍ਰੀ ਅੰਮ੍ਰਿਤਸਰ ਸਾਹਿਬ: ਸਮੁੱਚੀ ਮਾਨਵਤਾ ਦੇ ਅਧਿਆਤਮਕ ਕੇਂਦਰ ਅਤੇ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਵਿਸ਼ਵ ਭਰ ਤੋਂ ਰੋਜ਼ਾਨਾ ਲੱਖਾਂ ਸ਼ਰਧਾਲੂ ਆਉਂਦੇ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰਾਂ ਦੇ ਸੁਚੱਜੇ ਪ੍ਰਬੰਧਾਂ ਅਤੇ ਸੰਗਤਾਂ ਦੀ ਹਰ ਸਹੂਲਤ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੀ ਭਾਵਨਾ ਹੁੰਦੀ ਹੈ ਕਿ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਚ ਇਸ਼ਨਾਨ ਜਰੂਰ ਕੀਤਾ ਜਾਵੇ।

ਸਰੋਵਰ ਵਿਚ ਇਸ਼ਨਾਨ ਕਰਨ ਵਾਲੀਆਂ ਸੰਗਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵਲੋਂ ਜਿਥੇ ਇਸ਼ਨਾਨ ਕਰਨ ਮੌਕੇ ਸੁਰਖਿਆ ਲਈ ਸੰਗਲ ਲਗਾਏ ਗਏ ਹਨ ਉਥੇ ਡੂੰਘਾਈ ਚ ਜਾਣ ਤੋਂ ਬਚਾਉਣ ਲਈ ਸਰੋਵਰ ਚ ਜੰਗਲੇ ਵੀ ਲਗਾਏ ਗਏ ਹਨ।

ਹੋਰ ਪੜ੍ਹੋ:ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਜੇਲ੍ਹ ‘ਚ ਕੀਤੀ ਮੁਲਾਕਾਤ

ਹੁਣ ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜਬੂਤ ਕਰਨ ਦੇ ਮੱਦੇਨਜ਼ਰ ਇਹ ਸੰਗਲ ਤੇ ਜੰਗਲੇ ਲੋਹੇ ਦੀ ਬਜਾਏ ਸਟੀਲ ਦੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਤਹਿਤ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਵਿਤਰ ਸਰੋਵਰ 'ਚ ਲੱਗੇ ਲੋਹੇ ਦੇ ਜੰਗਾਲੇ ਸਾਰੇ 210 ਸੰਗਲ ਬਦਲ ਕੇ ਸਟੀਲ ਦੇ ਲਗਾਏ ਜਾ ਰਹੇ ਹਨ।

ਸੰਗਲ ਬਦਲਣ ਦੀ ਸੇਵਾ ਕਰ ਰਹੇ ਬਾਬਾ ਸਾਧਾ ਸਿੰਘ ਨੇ ਦਸਿਆ ਕਿ ਜਿਹੜੇ ਲੋਹੇ ਦੇ ਸੰਗਲ ਲੱਗੇ ਹੋਏ ਸਨ ਉਹ ਜੰਗ ਨਾਲ ਖਰਾਬ ਹੋ ਰਹੇ ਸਨ ਜਿਸ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਨੇ ਸੰਗਲ ਬਦਲਣ ਦਾ ਫੈਸਲਾ ਕੀਤਾ ਤੇ ਇਹ ਸੇਵਾ ਉਨ੍ਹਾਂ ਨੂੰ ਦਿੱਤੀ ਗਈ।

ਉਨ੍ਹਾਂ ਦਸਿਆ ਕਿ ਸਰੋਵਰ ਵਿਚ ਇਸ਼ਨਾਨ ਕਰਨ ਲਈ ਲਗਾਏ ਗਏ ਅਤੇ ਬੀਬੀਆਂ ਦੇ ਪੌਣੇ ਵਿਚਲੇ ਸਾਰੇ ਸੰਗਲ ਬਦਲਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਜੋ 15 ਦਿਨ ਵਿੱਚ ਪੂਰੀ ਹੋ ਜਾਵੇਗੀ।

-PTC News

Related Post