ਗੁਰੂਗ੍ਰਾਮ 'ਚ ਡਿੱਗੀ ਪੁਰਾਣੀ ਇਮਾਰਤ, ਮਲਬੇ ਹੇਠ ਦੱਬੇ ਚਾਰ ਮਜ਼ਦੂਰ, ਬਚਾਅ ਕਾਰਜ ਜਾਰੀ

By  Riya Bawa October 3rd 2022 11:27 AM

ਗੁਰੂਗ੍ਰਾਮ: ਗੁਰੂਗ੍ਰਾਮ ਦੇ ਉਦਯੋਗ ਵਿਹਾਰ ਫੇਜ਼ 1 ਵਿੱਚ ਇੱਕ ਤਿੰਨ ਮੰਜ਼ਿਲਾ ਪੁਰਾਣੀ ਇਮਾਰਤ ਸੋਮਵਾਰ ਸਵੇਰੇ ਢਹਿ ਗਈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਸਵੇਰੇ 7.20 ਵਜੇ ਦੇ ਕਰੀਬ ਵਾਪਰੀ ਜਦੋਂ ਮਜ਼ਦੂਰ ਇਮਾਰਤ ਦੀ ਪਹਿਲੀ ਮੰਜ਼ਿਲ ਨੂੰ ਢਾਹ ਰਹੇ ਸਨ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਵਿੱਚ ਚਾਰ ਮਜ਼ਦੂਰ ਫਸ ਗਏ ਸਨ।

BuildingCollapses

ਜਾਣਕਾਰੀ ਮੁਤਾਬਕ ਮਜ਼ਦੂਰ ਇਮਾਰਤ ਨੂੰ ਢਾਹੁਣ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਘਟਨਾ ਗੁਰੂਗ੍ਰਾਮ ਦੇ ਉਦਯੋਗ ਵਿਹਾਰ ਫੇਜ਼ ਵਨ ਦੀ ਹੈ, ਜਿੱਥੇ ਪਲਾਟ ਨੰਬਰ 257 ਦੀ ਇਮਾਰਤ ਡਿੱਗ ਗਈ ਹੈ। ਰਾਹਤ ਅਤੇ ਬਚਾਅ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਪੰਜਾਬੀ ਗਾਇਕ ਅਲਫਾਜ਼ 'ਤੇ ਹੋਇਆ ਜਾਨਲੇਵਾ ਹਮਲਾ, ਹਨੀ ਸਿੰਘ ਦੇ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਪੁਲਿਸ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਇਮਾਰਤ ਖਸਤਾ ਹਾਲਤ ਵਿੱਚ ਸੀ ਜਿਸ ਦੀ ਹਾਲਤ ਮੀਂਹ ਕਾਰਨ ਖ਼ਰਾਬ ਹੋ ਗਈ ਸੀ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ ਹਨ। ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਮੌਕੇ 'ਤੇ 20 ਤੋਂ ਵੱਧ ਮਜ਼ਦੂਰ ਮੌਜੂਦ ਸਨ।

ਪੁਲਿਸ ਦੇ ਡਿਪਟੀ ਕਮਿਸ਼ਨਰ ਦੀਪਕ ਸਹਾਰਨ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਕੁਝ ਹੀ ਮਿੰਟਾਂ ਵਿੱਚ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਲਈ 150 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸਿਵਲ ਡਿਫੈਂਸ ਅਤੇ ਸਟੇਟ ਡਿਜ਼ਾਸਟਰ ਮੈਨੇਜਮੈਂਟ ਫੰਡ (ਐੱਸ.ਡੀ.ਆਰ.ਐੱਫ.) ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਉਸ ਜਗ੍ਹਾ ਦੀ ਪਛਾਣ ਕੀਤੀ ਹੈ ਜਿੱਥੇ ਮਜ਼ਦੂਰ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਪੁਰਾਣੀ ਇਮਾਰਤ ਹੈ ਜਿਸ ਨੂੰ 26 ਸਤੰਬਰ ਤੋਂ ਢਾਹਿਆ ਜਾ ਰਿਹਾ ਹੈ।

-PTC News

Related Post