ਪ੍ਰਮਾਣਿਤ ਡਿਟਿਲ੍ਰੀਜ਼ ਨੂੰ ਸੈਨੀਟਾਈਜ਼ਰ-ਹੈਂਡ ਰਬਜ਼ ਬਣਾਉਣ ਦੀ ਦਿੱਤੀ ਪ੍ਰਵਾਨਗੀ

By  Jashan A March 21st 2020 08:27 PM

ਚੰਡੀਗੜ੍ਹ: ਸਿਹਤ ਐਮਰਜੈਂਸੀ ਕਾਰਨ ਲੋਕਾਂ ਵਿਚ ਵੱਧ ਰਹੀ ਸੈਨੀਟਾਈਜ਼ਰ/ਹੈਂਡ ਰਬਜ਼ ਦੀ ਮੰਗ ਦੇ ਮੱਦੇਨਜ਼ਰ ਪੰਜਾਬ ਡਰੱਗ ਪ੍ਰਬੰਧਨ ਕਮਿਸ਼ਨਰੇਟ ਨੇ ਆਬਕਾਰੀ ਤੇ ਕਰ ਵਿਭਾਗ ਵਲੋਂ ਰਜਿਸਟਰਡ ਡਿਟਿਲ੍ਰੀਜ਼ ਨੂੰ ਵਿਸ਼ਵ ਸਿਹਤ ਸੰਸਥਾ ਵਲੋਂ ਨਿਰਧਾਰਤ ਕੀਤੇ ਮਾਪਦੰਡਾਂ ਅਨੁਸਾਰ ਸੈਨੀਟਾਈਜ਼ਰ/ਹੈਂਡ ਰਬਜ਼ ਬਣਾਉਣ ਅਤੇ ਸਪਲਾਈ ਕਰਨ ਸਬੰਧੀ ਮੰਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਖ਼ੁਰਾਕ ਤੇ ਡਰੱਗ ਪ੍ਰਬੰਧਨ ਦੇ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਨੇ ਦਿੱਤੀ।

ਜਾਰੀ ਕੀਤੇ ਹੁਕਮਾਂ ਵਿੱਚ ਸਪੱਸ਼ਟ ਤੌਰ ਤੇ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਪੈਦਾ ਹੋਈ ਹੰਗਾਮੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਜ਼ਾਜ਼ਤ ਸਿਰਫ 10 ਦਿਨਾਂ ਲਈ ਪੂਰੀ ਤਰ੍ਹਾਂ ਆਰਜ਼ੀ ਤੌਰ ਤੇ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਉਤਪਾਦਕ ਸਿਰਫ ਪੰਜਾਬ ਰਾਜ ਵਿੱਚ ਸਰਕਾਰ / ਸਰਕਾਰੀ ਅਦਾਰਿਆਂ ਨੂੰ ਸਪਲਾਈ ਕਰਨਗੇ ਅਤੇ ਇਸ ਦਾ ਕੋਈ ਵੀ ਹਿੱਸਾ ਰਾਜ ਤੋਂ ਬਾਹਰ ਸਪਲਾਈ ਨਹੀਂ ਕੀਤਾ ਜਾਵੇਗਾ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਤਪਾਦਕ ਕੇਵਲ ਪ੍ਰਮਾਣਿਤ ਸਮੱਗਰੀ ਦੀ ਹੀ ਵਰਤੋਂ ਕਰੇਗਾ ਅਤੇ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਦੁਆਰਾ ਨਿਰਧਾਰਤ ਕੀਤੀ ਕੀਮਤ ਤੋਂ ਵੱਧ ਕੀਮਤ ਨਹੀਂ ਵਸੂਲੇਗਾ।

ਹੋਰ ਪੜ੍ਹੋ: ਪੰਜਾਬ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਮਿਠਾਈਆਂ ਦੀ ਜਗ੍ਹਾ ਭੇਂਟ ਕੀਤੇ ਕੋਲਿਆਂ ਦੇ ਡੱਬੇ, ਦੇਖੋ ਤਸਵੀਰਾਂ

ਪੰਨੂ ਨੇ ਦੱਸਿਆ ਕਿ ਖੇਤਰ ਦੇ ਡਰੱਗ ਕੰਟਰੋਲ ਅਧਿਕਾਰੀ ਗੁਣਵੱਤਾ, ਉਤਪਾਦਨ ਦੀ ਮਾਤਰਾ ਅਤੇ ਸਪਲਾਈ ਲਈ ਉਤਪਾਦਨ ਇਕਾਈਆਂ ਦੀ ਰੋਜ਼ਾਨਾ ਅਧਾਰ 'ਤੇ ਜਾਂਚ ਕਰਨਗੇ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਇਕਾਈਆਂ ਨੂੰ ਸਮੱਗਰੀ ਦੇ ਨਿਰਮਾਣ ਅਤੇ ਸਪਲਾਈ ਦਾ ਸਹੀ ਰਿਕਾਰਡ ਰੱਖਣ ਲਈ ਵੀ ਕਿਹਾ ਗਿਆ ਹੈ।

ਉਨ੍ਹਾਂ ਕਿਹਾ ਕਿ ਕੋਵਿਡ -19 ਦੇ ਫੈਲਣ ਨਾਲ ਪੈਦਾ ਹੋਈ ਸੰਕਟ ਦੀ ਘੜੀ ਦੇ ਮੱਦੇਨਜ਼ਰ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਲੋੜੀਂਦੀਆਂ ਡਾਕਟਰੀ ਵਸਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੋ ਗਿਆ ਹੈ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਕੋਵਿਡ -19 ਦੀ ਰੋਕਥਾਮ ਕਰਨ ਲਈ ਚੁੱਕੇ ਗਏ ਹੋਰ ਉਪਾਵਾਂ ਤੋਂ ਇਲਾਵਾ, ਜਨਤਕ, ਸਿਹਤ ਕਰਮਚਾਰੀਆਂ ਅਤੇ ਕੋਵਿਡ -19 ਦੀ ਰੋਕਥਾਮ ਵਿਚ ਲਗੇ ਹੋਰ ਕਾਰਕੁੰਨਾਂ ਲਈ ਸੈਨੀਟਾਈਜ਼ਰ / ਹੈਂਡ ਰਬਜ਼ ਨੂੰ ਭਰਪੂਰ ਰੂਪ ਵਿਚ ਉਪਲਬਧ ਕਰਵਾਉਣਾ ਜ਼ਰੂਰੀ ਹੈ। ਕੋਵਿਡ -19 ਕਾਰਨ ਹੈਂਡ ਸੈਨੀਟਾਈਜ਼ਰ / ਹੈਂਡ ਰੱਬਸ ਦੀ ਮੰਗ ਦਿਨੋਂ-ਦਿਨ ਵੱਧ ਰਹੀ ਹੈ ਅਤੇ ਮੌਜੂਦਾ ਨਿਰਮਾਣ ਸਹੂਲਤਾਂ ਵਲੋਂ ਵਧ ਰਹੀ ਮੰਗ ਨੂੰ ਪੂਰਾ ਨਾ ਕਰ ਪਾਉਣ ਦੀਆਂ ਵੀ ਖ਼ਬਰਾਂ ਹਨ। ਉਨ੍ਹਾਂ ਕਿਹਾ ਅਜਿਹੀ ਔਖੀ ਘੜੀ ਵਿਚ ਮੰਗ ਅਤੇ ਸਪਲਾਈ ਦਾ ਫਾਇਦਾ ਉਠਾਉਂਦੇ ਹੋਏ ਬਹੁਤ ਸਾਰੇ ਵਪਾਰੀ ਕਾਲਾ ਬਜ਼ਾਰੀ ਕਰ ਰਹੇ ਹਨ। ਇੱਥੋਂ ਤੱਕ ਕਿ ਨਿਰਮਾਤਾ ਸੈਨੇਟਾਈਜ਼ਰ ਦੀਆਂ ਬੋਤਲਾਂ ਦੇ ਲੇਬਲਾਂ ਤੇ ਬਹੁਤ ਜ਼ਿਆਦਾ ਕੀਮਤਾਂ ਪ੍ਰਿੰਟ ਕਰ ਰਹੇ ਹਨ। ਇਸ ਲਈ ਸੈਨੀਟਾਈਜ਼ਰ / ਹੈਂਡ ਰਬਜ਼ ਦੇ ਉਤਪਾਦਨ ਨੂੰ ਵਧਾਉਣ ਦੀ ਲੋੜ ਹੈ।

-PTC News

Related Post