ਫ਼ਰੀਦਕੋਟ 'ਚ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਕਰਮਚਾਰੀਆਂ ਨੂੰ ਬੰਦੀ ਬਣਾ ਕੇ ਲੁੱਟੇ ਲੱਖਾਂ ਰੁਪਏ

By  Shanker Badra June 4th 2020 05:36 PM

ਫ਼ਰੀਦਕੋਟ 'ਚ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਕਰਮਚਾਰੀਆਂ ਨੂੰ ਬੰਦੀ ਬਣਾ ਕੇ ਲੁੱਟੇ ਲੱਖਾਂ ਰੁਪਏ:ਫ਼ਰੀਦਕੋਟ : ਫਰੀਦਕੋਟ ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡ ਟਹਿਣਾਂ ਵਿਚ ਇੰਡਸਇੰਡ ਬੈਂਕ ਨੂੰ ਨਿਸ਼ਾਨਾਂ ਬਣਾਉਂਦਿਆ ਕਾਰ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਗੰਨ ਪੁਆਇੰਟ 'ਤੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੁਟੇਰੇ ਬੈਂਕ ਵਿਚੋਂ ਕਰੀਬ 3 ਲੱਖ 43 ਹਜ਼ਾਰ ਰੁਪਏ , ਬੈਂਕ ਮੁਲਾਜ਼ਮਾਂ ਦੇ 3 ਮੋਬਾਇਲ ਫੋਨ ਅਤੇ ਔਰਤਮੁਲਾਜ਼ਮ ਦੀ ਸੋਨੇ ਦੀ ਚੈਨੀ ਖੋਹ ਕੇ ਫਰਾਰ ਹੋ ਗਏ ਹਨ। ਲੁੱਟ ਦੀ ਇਸ ਵਾਰਦਾਤ ਦੌਰਾਨ ਬੈਂਕ ਦੇ 2 ਮੁਲਾਜ਼ਮ ਮਾਮੂਲੀ ਜ਼ਖਮੀ ਵੀ ਹੋਏ ਹਨ।

ਇਸ ਦੌਰਾਨ ਬੈਂਕ ਅਧਿਕਾਰੀ ਨੇ ਦੱਸਿਆ ਕਿ ਉਹ ਰੋਜਾਨਾਂ ਵਾਂਗ ਕੰਮ ਕਰ ਰਹੇ ਸਨ ਤਾਂ ਕੁਝ ਹਥਿਆਰਬੰਦ ਲੁਟੇਰੇ ਬੈਂਕ ਅੰਦਰ ਦਾਖਲ ਹੋ ਗਏ ਅਤੇ ਉਹਨਾਂ ਨੇ ਸਭ ਨੂੰ ਬਾਥਰੂਮ ਵਿਚ ਬੰਦ ਕੇ ਕੈਸੀਅਰ ਪਾਸੋਂ ਗੰਨ ਪੁਆਇੰਟ 'ਤੇ ਬੈਂਕ ਵਿਚ ਪਏ 3 ਲੱਖ 43 ਹਜ਼ਾਰ ਰੁਪਏ ਲੁੱਟ ਲਏ। ਉਨ੍ਹਾਂ ਦੱਸਿਆ ਕਿ ਨਾਲ ਹੀ ਮੁਲਾਜ਼ਮਾਂ ਦੇ ਮੋਬਾਇਲ ਫੋਨ ਅਤੇ ਔਰਤ ਕੈਸੀਅਰ ਦੀ ਸੋਨੇ ਦੀ ਚੈਨੀ ਵੀ ਲੁਟੇਰੇ ਖੋਹ ਕੇ ਲੈ ਗਏ ਹਨ।

ਉਹਨਾਂ ਦੱਸਿਆ ਕਿ ਲੁਟੇਰਿਆ ਨੇ ਆਉੰਦਿਆ ਹੀ ਉਹਨਾਂ ਉਪਰ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ ,ਜਿਸ ਵਿਚ ਬੈਂਕ ਦਾ ਇਕ ਸੇਵਾਦਾਰ ਅਤੇ ਮੈਨੇਜਰ ਜ਼ਖਮੀ ਹੋ ਗਏ ਹਨ। ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਅਰੰਭ ਦਿੱਤੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਜ਼ਿਕਰਯੋਗ ਹੈ ਕਿ ਬੈਂਕ ਅੰਦਰ ਨਾਂ ਤਾਂ ਕੋਈ ਸੁਰੱਖਿਆ ਕਰਮੀਂ ਮੌਜੂਦ ਸੀ ਅਤੇ ਨਾ ਹੀ ਸੀਸੀਟੀਵੀ ਕੈਮਰਾ ਹੈ।

ਇਸ ਮੌਕੇ 'ਤੇ ਪਹੁੰਚੇ ਐਸਪੀ ਇਨਵੈਸਟੀਗੇਸ਼ਨ ਫਰੀਦਕੋਟ ਸੇਵਾ ਸਿੰਘ ਮੱਲ੍ਹੀ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਚੱਲਿਆ ਹੈ ਕਿ ਪਿੰਡ ਟਹਿਣਾਂ ਵਿਖੇ ਇਕ ਨਿੱਜੀ ਬੈਂਕ ਵਿਚੋਂ ਕੁਝ ਹਥਿਆਰਬੰਦ ਲੁਟੇਰਿਆ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਮੌਕੇ 'ਤੇ ਪਹੁੰਚੇ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਲੁਟੇਰੇ ਬੈਂਕ ਵਿਚੋਂ 3 ਲੱਖ 43 ਰੁਪਏ ਦੀ ਨਕਦੀ ਅਤੇ 3 ਮੋਬਾਇਲ ਫੋਨ ਅਤੇ ਇਕ ਔਰਤ ਕਰਮਚਾਰੀ ਦੀ ਸੋਨੇ ਦੀ ਚੇਨੀ ਖੋਹ ਕੇ ਫਰਾਰ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਵੱਖ ਵੱਖ ਟੀਮਾ ਬਣਾਂ ਕੇ ਲੁਟੇਰਿਆ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਲੁੱਟ ਦੀ ਵਾਰਦਾਤ ਨੂੰ ਸੁਲਝਾ ਲਿਆ ਜਾਵੇਗਾ।

-PTCNews

Related Post