ਮੈਂ ਨਹੀਂ ਚਾਹੁੰਦਾ ਖਹਿਰਾ ਦੀ ਜ਼ੁਬਾਨ 'ਤੇ ਆਏ ਮੇਰਾ ਨਾਮ :ਕੇਜਰੀਵਾਲ

By  Shanker Badra November 1st 2018 02:07 PM -- Updated: November 1st 2018 02:09 PM

ਮੈਂ ਨਹੀਂ ਚਾਹੁੰਦਾ ਖਹਿਰਾ ਦੀ ਜ਼ੁਬਾਨ 'ਤੇ ਆਏ ਮੇਰਾ ਨਾਮ :ਕੇਜਰੀਵਾਲ:ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਮੀਡੀਆ ਦੇ ਮੁਖਾਤਿਬ ਹੁੰਦਿਆਂ, ਜਾਣੇ-ਅਨਜਾਣੇ ਵਿੱਚ ਅਜਿਹੇ ਖੁਲਾਸੇ ਕਰ ਗਏ ,ਜੋ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਰਾਜਨੀਤੀ ਨੂੰ ਗਰਮਾ ਸਕਦੇ ਹਨ।ਦਿੱਲੀ ਦੇ ਮੁੱਖ ਮੰਤਰੀ ਸਿੱਖਿਆ ਸੁਧਾਰ, ਸਿਹਤ ਸਹੂਲਤਾਂ ਦੇ ਮੁੱਦਿਆਂ 'ਤੇ ਬੋਲ ਰਹੇ ਸਨ ਪਰ ਤਿੱਖੇ ਤੇਵਰਾਂ ਵਿਚਕਾਰ ਕੇਜਰੀਵਾਲ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਅੰਦਰੂਨੀ ਕਲੇਸ਼ ਨੂੰ ਹੋਰ ਲਾਂਬੂ ਲਗਾ ਗਏ ਅਤੇ ਗੱਲਾਂ ਹੀ ਗੱਲਾਂ ਵਿੱਚ ਸਾਫ ਕਰ ਦਿੱਤਾ ਕਿ ਹੁਣ ਸੁਖਪਾਲ ਖਹਿਰਾ ਉਨਾਂ ਦੀ ਪਾਰਟੀ ਦੇ ਆਗੂ ਨਹੀਂ ਹਨ।

ਉਨਾਂ ਨੇ ਇੱਕ ਸਵਾਲ ਦੇ ਜਵਾਬ ਵਿੱਚ ਸਾਫ ਕਿਹਾ , ਕਿ ਉਹ ਨਹੀਂ ਚਾਹੁੰਦੇ ਕਿ ਸੁਖਪਾਲ ਖਹਿਰਾ ਦੀ ਜ਼ੁਬਾਨ 'ਤੇ ਉਨਾਂ ਦਾ ਨਾਮ ਆਏ।ਕੇਜਰੀਵਾਲ ਦਾ ਇਹ ਬਿਆਨ ਹੁਣ ਪੰਜਾਬ ਦੀ ਸਿਆਸੀ ਫਿਜ਼ਾ ਵਿੱਚ ਨਵੀਂ ਸ਼ਬਦਜੰਗੀ ਨੂੰ ਜਨਮ ਦੇਣ ਵਾਲਾ ਹੈ।ਪਾਰਟੀ ਵਲੋਂ ਹਾਸ਼ੀਏ 'ਤੇ ਧੱਕੇ ਗਏ ਸੁਖਪਾਲ ਖਹਿਰਾ ਸ਼ਾਇਦ ਹੀ ਇਸ ਬਿਆਨ ਨੂੰ ਪਚਾ ਸਕਣ।

ਜਿਸ ਤੋਂ ਬਾਅਦ ਸਾਫ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ''ਆਪ " ਦਾ ਕਾਟੋ ਕਲੇਸ਼ ਸੜਕਾਂ 'ਤੇ ਹੋਣ ਜਾ ਰਿਹਾ ਹੈ ਅਤੇ ਨਾਲ ਹੀ ਅਰਵਿੰਦ ਕੇਜਰੀਵਾਲ ਬਿਨਾਂ ਕੁੱਝ ਬੋਲੇ ਖਹਿਰਾ ਦੇ ਵਿਰੋਧੀ ਧੜੇ ਨੂੰ ਹੱਲਾਸ਼ੇਰੀ ਵੀ ਦੇ ਗਏ।ਕੇਜਰੀਵਾਲ ਦੇ ਬੋਲ ਪੰਜਾਬ ਵਿੱਚ ਆਪ ਦੀ ਸਿਆਸਤ ਨੂੰ ਕਿਸ ਪਾਸੇ ਲਿਜਾਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੱਕ ਗੱਲ ਸਾਫ ਹੈ ਕਿ ਕੇਜਰੀਵਾਲ ਦੇ ਇਸ ਬਿਆਨ ਨੇ ਇੱਕ ਧੜੇ ਨੂੰ ਜ਼ਰੂਰ ਸਿੱਧੀ ਹਮਾਇਤ ਦੇ ਦਿੱਤੀ ਹੈ।

-Ramandeep Sharma

Related Post