ਇੱਕ ਹਸਪਤਾਲ 'ਚ 9 ਦਿਨਾਂ 'ਚ 16 ਨਵ ਜਨਮੇ ਬੱਚਿਆਂ ਦੀ ਹੋਈ ਮੌਤ

By  Shanker Badra November 10th 2018 12:42 PM

ਇੱਕ ਹਸਪਤਾਲ 'ਚ 9 ਦਿਨਾਂ 'ਚ 16 ਨਵ ਜਨਮੇ ਬੱਚਿਆਂ ਦੀ ਹੋਈ ਮੌਤ:ਅਸਾਮ ਦੇ ਜੋਰਹਾਟ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ 9 ਦਿਨਾਂ 'ਚ 16 ਬੱਚਿਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਤੋਂ ਬਾਅਦ ਸੂਬਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।ਜਾਣਕਾਰੀ ਅਨੁਸਾਰ 1 ਨਵੰਬਰ ਤੋਂ 9 ਨਵੰਬਰ ਦੇ ਵਿਚਕਾਰ ਹਸਪਤਾਲ ਵਿੱਚ 16 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਹੈ ਪਰ ਹਾਲੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਦੱਸਿਆ ਜਾਂਦਾ ਹੈ ਕਿ ਕੁਝ ਬੱਚਿਆਂ ਨੂੰ ਜਮਾਂਦਰੂ ਰੋਗ ਸਨ, ਜਦਕਿ ਕੁਝ ਬੱਚਿਆਂ ਦਾ ਜਨਮ ਵਜ਼ਨ ਬਹੁਤ ਘੱਟ ਸੀ। ਇਸ ਮਾਮਲੇ ਸਬੰਧੀ ਰਾਜ ਸਿਹਤ ਵਿਭਾਗ ਵਲੋਂ ਜਾਂਚ ਜਾਰੀ ਹੈ।ਹਸਪਤਾਲ ਵੱਲੋਂ ਵੀ ਮਾਮਲੇ ਦੀ ਜਾਂਚ ਸਬੰਧੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ।ਅਸਾਮ ਦੇ ਸਿਹਤ ਮੰਤਰੀ ਹਿਮਾਂਤਾਂ ਬਿਸਵਾ ਸਰਮਾ ਨੇ ਕਿਹਾ ਹੈ ਕਿ ਇਸ ਸਬੰਧੀ ਗੁਹਾਹਾਟੀ ਤੋਂ ਇੱਕ ਉੱਚ ਪੱਧਰੀ ਜਾਂਚ ਟੀਮ ਨੂੰ ਭੇਜਿਆ ਗਿਆ ਹੈ,ਜਿਸ ਦੀ ਰਿਪੋਰਟ ਅੱਜ ਆਵੇਗੀ।ਜੋਰਹਾਟ ਮੈਡੀਕਲ ਕਾਲਜ ਐਂਡ ਹਸਪਤਾਲ (ਜੇਐਮਸੀਐਚ) ਦੇ ਸੁਪਰਡੈਂਟ ਸੌਰਵ ਬੋਰਕੋਟੀਟੀ ਅਨੁਸਾਰ ਹਸਪਤਾਲ ਦੀ ਵਿਸ਼ੇਸ਼ ਕੇਅਰ ਨਵਜੋਤ ਯੁਨਿਟ ਵਿਚ ਇਹ ਮੌਤਾਂ ਹੋਈਆਂ ਹਨ। ਉਸ ਨੇ ਬੱਚਿਆਂ ਦੀ ਮੌਤ ਦੇ ਕਾਰਨ ਹਸਪਤਾਲ ਦੀ ਡਾਕਟਰੀ ਲਾਪਰਵਾਹੀ ਜਾਂ ਅਣਗਹਿਲੀ ਤੋਂ ਇਨਕਾਰ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਕਈ ਵਾਰ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਸਕਦੀ ਹੈ ਅਤੇ ਇਸ ਤਰ੍ਹਾਂ ਨਵਜੰਮੇ ਬੱਚਿਆਂ ਦੀ ਮੌਤ ਵੀ ਹੋ ਸਕਦੀ ਹੈ। -PTC News

Related Post