ਆਸਟ੍ਰੇਲੀਆ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਫੋਨ 'ਚ ਮਿਲੀ ਇਤਰਾਜ਼ਯੋਗ ਸਮੱਗਰੀ,ਅਧਿਕਾਰੀਆਂ ਨੇ ਚੁੱਕਿਆ ਇਹ ਕਦਮ

By  Shanker Badra June 26th 2018 02:13 PM

ਆਸਟ੍ਰੇਲੀਆ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਫੋਨ 'ਚ ਮਿਲੀ ਇਤਰਾਜ਼ਯੋਗ ਸਮੱਗਰੀ,ਅਧਿਕਾਰੀਆਂ ਨੇ ਚੁੱਕਿਆ ਇਹ ਕਦਮ:ਆਸਟ੍ਰੇਲੀਆ 'ਚ ਪੜ੍ਹਾਈ ਕਰਨ ਗਏ ਭਾਰਤੀ ਵਿਦਿਆਰਥੀ ਨੂੰ ਸ਼ਾਇਦ ਨਹੀਂ ਸੀ ਪਤਾ ਕਿ ਉਸ ਵੱਲੋਂ ਉਸਦੇ ਫੋਨ ਵਿਚ ਰੱਖੀ ਇਤਰਾਜ਼ਯੋਗ ਸਮੱਗਰੀ ਉਸਦੇ ਭਵਿੱਖ 'ਤੇ ਡਿਪੋਰਟ ਵਾਲਾ ਠੱਪਾ ਲਗਾ ਦੇਵੇਗੀ।

ਇਹ ਘਟਨਾ ਪਰਥ ਹਵਾਈ ਅੱਡੇ 'ਤੇ ਵਾਪਰੀ ਜਿਥੇ ਆਰਜ਼ੀ ਕਿੱਤਾ ਗਰੈਜੂਏਟ ਵੀਜ਼ੇ 'ਤੇ ਪੜ੍ਹਨ ਆਏ ਇੱਕ 30 ਸਾਲਾ ਭਾਰਤੀ ਵਿਦਿਆਰਥੀ ਨੂੰ ਆਸਟ੍ਰੇਲੀਅਨ ਬਾਰਡਰ ਫੋਰਸ ਦੇ ਅਧਿਕਾਰੀਆਂ ਵੱਲੋਂ ਬੀਤੇ ਸ਼ੁੱਕਰਵਾਰ ਮੁੱਢਲੀ ਪੁੱਛ-ਗਿੱਛ ਲਈ ਰੋਕਿਆ ਗਿਆ।ਉਸਦੇ ਤਿੰਨ ਮੋਬਾਇਲ ਫ਼ੋਨਾਂ ਦੀ ਜਾਂਚ ਦੌਰਾਨ ਅਧਿਕਾਰੀਆਂ ਨੂੰ ਇੱਕ ਫ਼ੋਨ ਵਿੱਚ ਬੱਚਿਆਂ ਸੰਬੰਧੀ ਇਤਰਾਜ਼ਯੋਗ ਸਮੱਗਰੀ ਮਿਲੀ।ਇਸ ਉਪਰੰਤ ਇਸ ਵਿਅਕਤੀ ਨੂੰ ਪਰਥ ਵਿਚਲੇ ਇਮੀਗ੍ਰੇਸ਼ਨ ਡਿਟੈਂਸ਼ਨ ਕੇਂਦਰ ਵਿੱਚ ਭੇਜਿਆ ਗਿਆ।ਜਿੱਥੇ ਪੁੱਛ ਪੜਤਾਲ ਤੋਂ ਬਾਅਦ ਉਸਨੂੰ ਡਿਪੋਰਟ ਕਰਕੇ ਸੋਮਵਾਰ ਰਾਤ ਮੁੜ ਵਾਪਸ ਭਾਰਤ ਭੇਜ ਦਿੱਤਾ ਗਿਆ ।

ਪੱਛਮੀ ਆਸਟ੍ਰੇਲੀਆ ਵਿੱਚ ਬਾਰਡਰ ਫੋਰਸ ਦੇ ਕਾਰਜਕਾਰੀ ਖੇਤਰੀ ਮੁਖੀ ਕਮਾਂਡਰ ਮਾਰਕ ਵਿਲਸਨ ਨੇ ਕਿਹਾ ਕਿ ਸਬੰਧਤ ਵਿਅਕਤੀ ਦਾ ਡਿਪੋਰਟ ਕੀਤਾ ਜਾਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਫੋਰਸ ਅਜਿਹੇ ਇਤਰਾਜ਼ਯੋਗ ਸਮੱਗਰੀ ਨੂੰ ਹਰਗਿਜ਼ ਆਸਟ੍ਰੇਲੀਆ ਵਿੱਚ ਦਾਖਲ਼ ਨਹੀਂ ਹੋਣ ਦੇਵੇਗੀ ਤਾਂ ਜੋ ਆਸਟ੍ਰੇਲੀਆ ਵਿੱਚ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।ਅਧਿਕਾਰੀਆਂ ਵੱਲੋਂ ਸਬੰਧਤ ਦੋਸ਼ੀ ਦੀ ਪਹਿਚਾਣ ਤੇ ਨਾਮ ਨੂੰ ਗੁਪਤ ਰੱਖਿਆ ਗਿਆ।

-PTCNews

Related Post