ਬੇਰੁਜ਼ਗਾਰ ਬੀ.ਐੱਡ ਅਧਿਆਪਕਾਂ ਵੱਲੋਂ ਵੀ ਪੰਜਾਬ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਐਲਾਨ

By  Jashan A March 9th 2020 02:21 PM

ਪਟਿਆਲਾ: ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਵੀ ਪੰਜਾਬ ਸਰਕਾਰ ਖ਼ਿਲਾਫ਼ ਆਰ-ਪਾਰ ਦੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਬਾਰਾਂਦਰੀ ਗਾਰਡਨ ਵਿਖੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੀ ਹੋਈ ਸੂਬਾ ਕਮੇਟੀ ਮੀਟਿੰਗ ਦੌਰਾਨ ਪ੍ਰਧਾਨ ਸੁਖਵਿੰਦਰ ਢਿੱਲਵਾਂ ਨੇ 11 ਮਾਰਚ ਨੂੰ ਮੋਤੀ-ਮਹਿਲ ਦੇ ਘਿਰਾਓ ਲਈ ਤਿਆਰੀਆਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿਖੇ ਪੱਕਾ-ਧਰਨਾ ਲਾਇਆਂ 6 ਮਹੀਨਿਆਂ ਦਾ ਸਮਾਂ ਹੋ ਗਿਆ ਹੈ।

ਮੀਟਿੰਗ ਦੌਰਾਨ ਹਾਜ਼ਰ ਸੂਬਾ ਕਮੇਟੀ ਮੈਂਬਰ ਨਵਜੀਵਨ ਬਰਨਾਲਾ, ਰਣਬੀਰ ਨਦਾਮਪੁਰ, ਸੰਦੀਪ ਗਿੱਲ, ਯੁੱਧਜੀਤ ਬਠਿੰਡਾ, ਜੱਗੀ ਜੋਧਪੁਰ, ਕੁਲਵੰਤ ਲੌਂਗੋਵਾਲ, ਹਰਦਮ ਸੰਗਰੂਰ, ਉਹਨਾਂ ਦੱਸਿਆ ਕਿ 2 ਸਾਲ ਤੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀਐੱਡ ਅਧਿਆਪਕ 6 ਵਾਰ ਸੰਗਰੂਰ ਵਿਖੇ ਹਕੂਮਤੀ ਜ਼ਬਰ ਲਾਠੀਚਾਰਜ ਦਾ ਸ਼ਿਕਾਰ ਹੋ ਚੁੱਕੇ ਹਨ। 12 ਲੱਖ ਨੌਕਰੀਆਂ ਵੰਡਣ ਦੇ ਬਿਆਨ ਦਾਗ਼ਣ ਵਾਲੇ ਮੁੱਖ-ਮੰਤਰੀ ਕੋਲ ਯੂਨੀਅਨ ਨਾਲ ਮੀਟਿੰਗ ਕਰਨ ਦਾ ਵੀ ਸਮਾਂ ਨਹੀ ਹੈ।

ਹੋਰ ਪੜ੍ਹੋ: ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਸਬੰਧੀ ਵਿੱਢੀਆਂ ਤਿਆਰੀਆਂ

ਜ਼ਿਕਰਯੋਗ ਹੈ ਕਿ ਯੂਨੀਅਨ ਨੇ 11 ਮਾਰਚ ਨੂੰ ਮੁੱਖ-ਮੰਤਰੀ ਦੇ ਜਨਮਦਿਨ ਮੌਕੇ ਪਟਿਆਲਾ ਵਿਖੇ ਮੋਤੀ-ਮਹਿਲ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਹੈ। 1 ਮਾਰਚ ਨੂੰ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਘਿਰਾਉ ਦੌਰਾਨ ਸੰਗਰੂਰ ਪ੍ਰਸ਼ਾਸਨ ਨੇ 4 ਮਾਰਚ ਨੂੰ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ ਸੀ, ਪ੍ਰੰਤੂ ਬਾਅਦ 'ਚ ਮੀਟਿੰਗ ਲਈ ਮੁੱਖ-ਮੰਤਰੀ ਦਫ਼ਤਰ ਤੋਂ ਸਮਾਂ ਨਹੀਂ ਮਿਲ ਸਕਿਆ, ਜਿਸ ਕਾਰਨ ਬੇਰੁਜ਼ਗਾਰ ਬੀਐੱਡ ਅਧਿਆਪਕਾਂ 'ਚ ਸਰਕਾਰ ਖ਼ਿਲਾਫ਼ ਰੋਸ ਹੈ।

ਸਿੱਖਿਆ ਵਿਭਾਗ ਨੇ ਪਿਛਲੇ ਦਿਨੀਂ ਪੰਜਾਬੀ ਦੀਆਂ 60, ਹਿੰਦੀ ਦੀਆਂ 40 ਅਤੇ ਸਮਾਜਿਕ ਸਿੱਖਿਆ ਵਿਸ਼ੇ ਦੀਆਂ 52 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਕੇ ਸਬੰਧਤ ਵਿਸ਼ਿਆਂ ਦੇ ਹਜ਼ਾਰਾਂ ਉਮੀਦਵਾਰਾਂ ਨਾਲ ਕੋਝਾ ਮਜ਼ਾਕ ਕੀਤਾ ਹੈ।

ਟੈਸਟ ਪਾਸ ਕਰਨ ਦੇ ਬਾਵਜੂਦ ਨੌਕਰੀ ਉਡੀਕਦਿਆਂ ਹਜ਼ਾਰਾਂ ਉਮੀਦਵਾਰ ਭਰਤੀ ਲਈ ਨਿਰਧਾਰਤ ਉਮਰ-ਸੀਮਾ ਲੰਘਾ ਚੁੱਕੇ ਹਨ ਅਤੇ ਹੁਣ ਉਮਰ-ਹੱਦ 37 ਤੋਂ ਵਧਾ ਕੇ 42 ਸਾਲ ਕੀਤੇ ਜਾਣ ਦੀ ਮੁੱਖ-ਮੰਗ ਲਈ ਤਿੱਖਾ ਸੰਘਰਸ਼ ਵਿੱਢਣ ਲਈ ਤਿਆਰੀਆਂ ਹਨ। ਉਹਨਾਂ ਕਿਹਾ ਕਿ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਬੇਰੁਜ਼ਗਾਰ ਅਧਿਆਪਕ ਆਗੂਆਂ ਨਾਲ ਮੁਲਾਕਾਤ ਕਰਨ ਦਾ ਵੀ ਸਮਾਂ ਵੀ ਨਹੀਂ ਹੈ, ਸਗੋਂ ਚੰਡੀਗਡ਼੍ਹ ਮਿਲਣ ਗਏ ਬੇਰੁਜ਼ਗਾਰਾਂ ਨੂੰ ਵਿਧਾਨ ਸਭਾ ਅੱਗੇ ਤੋ ਗ੍ਰਿਫਤਾਰ ਕਰਕੇ ਥਾਣੇ ਡੱਕਿਆ ਗਿਆ ਸੀ।

-PTC News

Related Post