ਖੋਜ 'ਚ ਖੁਲਾਸਾ - ਗੰਜੇ ਮਰਦਾਂ ਨੂੰ ਕੋਰੋਨਾ ਦਾ ਵੱਧ ਖ਼ਤਰਾ

By  Panesar Harinder June 7th 2020 11:47 AM -- Updated: June 7th 2020 12:05 PM

ਰ੍ਹੋਡ ਆਈਲੈਂਡ - ਕੋਰੋਨਾ ਮਹਾਮਾਰੀ ਇਸ ਵੇਲੇ ਦੁਨੀਆ ਭਰ ਦੇ ਵਿਗਿਆਨੀਆਂ ਦੀਆਂ ਖੋਜਾਂ ਦਾ ਕੇਂਦਰ ਬਣੀ ਹੋਈ ਹੈ, ਪਰ ਹਾਲ ਹੀ ਵਿੱਚ ਸਾਹਮਣੇ ਆਈ ਇੱਕ ਖੋਜ ਨੇ ਗੰਜੇ ਮਰਦਾਂ ਲਈ ਨਵੀਆਂ ਚਿੰਤਾਵਾਂ ਨੂੰ ਜਨਮ ਦੇ ਦਿੱਤਾ ਹੈ। ਇਸ ਖੋਜ ਤੋਂ ਇਹ ਪਤਾ ਲੱਗਿਆ ਹੈ ਕਿ ਗੰਜੇ ਮਰਦਾਂ 'ਚ ਕੋਰੋਨਾ ਵਾਇਰਸ ਦਾ ਗੰਭੀਰ ਸੰਕ੍ਰਮਣ ਹੋਣ ਦਾ ਖ਼ਤਰਾ ਦੂਜਿਆਂ ਨਾਲੋਂ ਵੱਧ ਹੈ। ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਵੱਲੋਂ ਕੀਤੇ ਗਏ ਇਸ ਅਧਿਐਨ ਦੇ ਮੁੱਖ ਖੋਜਕਰਤਾ ਪ੍ਰੋਫੈਸਰ ਕਾਰਲੋਸ ਵੈਂਬੀਅਰ ਅਨੁਸਾਰ, "ਮਰਦਾਂ ਵਿੱਚ ਗੰਜਾਪਨ COVID-19 ਦੇ ਗੰਭੀਰ ਸੰਕਰਮਣ ਲਈ ਜ਼ੋਖਮ ਦਾ ਇੱਕ ਕਾਰਨ ਹੈ।"

ਇੱਥੇ ਇਹ ਜ਼ਿਕਰਯੋਗ ਹੈ ਕਿ ਜਨਵਰੀ ਮਹੀਨੇ ਦੌਰਾਨ ਚੀਨ ਦੇ ਵੁਹਾਨ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਅਜਿਹੀ ਰਿਸਰਚ ਸਾਹਮਣੇ ਆਈ ਸੀ ਕਿ ਇਸ ਮਹਾਂਮਾਰੀ ਨਾਲ ਮੌਤ ਹੋਣ ਦਾ ਖ਼ਤਰਾ ਔਰਤਾਂ ਦੇ ਮੁਕਾਬਲੇ ਮਰਦਾਂ 'ਚ ਵੱਧ ਹੈ।

ਸਪੇਨ ਤੇ ਅਮਰੀਕਾ 'ਚ ਕੀਤੀ ਗਈ ਘੋਖ

ਦਰਅਸਲ, ਕੋਰੋਨਾ ਵਾਇਰਸ ਅਤੇ ਗੰਜੇਪਣ ਵਿਚਕਾਰਲੇ ਸੰਬੰਧਾਂ ਨੂੰ ਸਮਝਣ ਲਈ ਦੋ ਅਧਿਐਨ ਕੀਤੇ ਗਏ ਹਨ। ਸਪੇਨ 'ਚ ਕੀਤੇ ਗਏ ਇੱਕ ਅਧਿਐਨ ਵਿੱਚ ਕੋਰੋਨਾ ਮਰੀਜ਼ਾਂ ਬਾਰੇ ਕੀਤੀ ਗਈ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਨ੍ਹਾਂ ਵਿੱਚੋਂ 71% ਤੋਂ ਵੱਧ ਗੰਜੇ ਸਨ। ਜਦਕਿ ਬ੍ਰਾਊਨ ਯੂਨੀਵਰਸਿਟੀ ਦੇ ਅਧਿਐਨ ਦੇ ਅਨੁਸਾਰ ਜਾਂਚ 'ਚ 79% ਗੰਜੇ ਸਨ।

ਮਿਲੇ ਹੈਰਾਨੀਜਨਕ ਨਤੀਜੇ

ਦੋਵਾਂ ਅਧਿਐਨਾਂ 'ਚ ਇੱਕੋ ਜਿਹੇ ਨਤੀਜੇ ਸਾਹਮਣੇ ਆਏ। ਖੋਜਕਰਤਾਵਾਂ ਦੇ ਦੱਸਣ ਅਨੁਸਾਰ ਗੰਜਾਪਣ ਅਤੇ ਕੋਰੋਨਾ ਦੇ ਗੰਭੀਰ ਸੰਕ੍ਰਮਣ ਵਿਚਕਾਰ ਇੱਕ ਖ਼ਾਸ ਸੰਬੰਧ ਹੈ। ਖੋਜਕਰਤਾਵਾਂ ਦਾ ਦਾਅਵਾ ਹੈ ਕਿ ਮਰਦਾਂ ਦਾ ਸੈਕਸ ਹਾਰਮੋਨ ਐਂਡਰੋਜਨ ਕੋਰੋਨਾ ਵਾਇਰਸ ਨਾ ਸੰਕ੍ਰਮਿਤ ਹੋਣ ਦੀ ਸਮਰੱਥਾ ਨੂੰ ਵਧਾ ਸਕਦਾ ਹੈ। ਇਸੇ ਹਾਰਮੋਨ ਕਾਰਨ ਮਰਦਾਂ ਵਿੱਚ ਦਵਾਈਆਂ ਦਾ ਪ੍ਰਭਾਵ ਘੱਟ ਰਿਹਾ ਹੈ ਅਤੇ ਮਰੀਜ਼ ਗੰਭੀਰ ਰੂਪ 'ਚ ਬਿਮਾਰ ਹੋ ਜਾਂਦੇ ਹਨ। ਅਜਿਹੇ ਮਰੀਜ਼ਾਂ ਦੀ ਰਿਕਵਰੀ ਵਿੱਚ ਵੀ ਵੱਧ ਸਮਾਂ ਲੱਗਦਾ ਹੈ।

ਪਹਿਲਾਂ ਇੱਕ ਹੋਰ ਖੋਜ ਕਾਰਜ ਵੀ ਕਰ ਚੁੱਕਿਆ ਹੈ ਅਹਿਮ ਖੁਲਾਸਾ

ਇਸ ਤੋਂ ਪਹਿਲਾਂ ਇੱਕ ਅਧਿਐਨ 'ਚ ਇਹ ਕਿਹਾ ਗਿਆ ਸੀ ਕਿ ਔਰਤਾਂ ਨਾਲੋਂ ਮਰਦਾਂ ਦੇ ਖੂਨ ਵਿੱਚ ਅਜਿਹੇ ਅਣੂਆਂ ਦੀ ਗਿਣਤੀ ਜ਼ਿਆਦਾ ਹੈ, ਜੋ ਆਸਾਨੀ ਨਾਲ ਕੋਰੋਨਾ ਵਾਇਰਸ ਦੇ ਵਾਹਕ ਬਣ ਜਾਂਦੇ ਹਨ। ਸੰਕ੍ਰਮਿਤ ਮਰਦ ਤੇ ਔਰਤਾਂ ਦੀ ਉਮਰ ਤੇ ਗਿਣਤੀ ਇੱਕੋ ਜਿਹੀ ਸੀ, ਪਰ ਮਰਦਾਂ ਨੂੰ ਵੱਧ ਗੰਭੀਰ ਬਿਮਾਰੀ ਹੋਈ। ਵਿਗਿਆਨੀਆਂ ਨੇ ਇਹ ਵੀ ਪਾਇਆ ਕਿ ਮਰਨ ਵਾਲੇ 70% ਤੋਂ ਵੱਧ ਮਰੀਜ਼ ਮਰਦ ਸਨ, ਜਿਸ ਦਾ ਮਤਲਬ ਹੈ ਕਿ ਮਰਦਾਂ ਦੀ ਮੌਤ ਦਰ ਔਰਤਾਂ ਨਾਲੋਂ 2.5 ਗੁਣਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮਰਦ ਦੀ ਉਮਰ ਕਿੰਨੀ ਵੀ ਹੋਵੇ ਪਰ ਮਰਦ ਹੋਣ ਕਾਰਨ ਵਾਇਰਸ ਕਾਰਨ ਗੰਭੀਰ ਬਿਮਾਰੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

Related Post