ਕਿਸਾਨਾਂ -ਮਜ਼ਦੂਰਾਂ ਨੇ 2 ਦਿਨਾਂ ਤੋਂ ਨਹੀਂ ਚੱਲਣ ਦਿੱਤੀਆਂ ਰੇਲਾਂ ,ਪ੍ਰਸ਼ਾਸਨ ਨੇ ਕਿਸਾਨਾਂ ਨੂੰ ਮਨਾਉਣ ਲਈ ਲਾਇਆ ਅੱਡੀ-ਚੋਟੀ ਦਾ ਜ਼ੋਰ

By  Shanker Badra October 19th 2018 06:00 PM

ਕਿਸਾਨਾਂ -ਮਜ਼ਦੂਰਾਂ ਨੇ 2 ਦਿਨਾਂ ਤੋਂ ਨਹੀਂ ਚੱਲਣ ਦਿੱਤੀਆਂ ਰੇਲਾਂ ,ਪ੍ਰਸ਼ਾਸਨ ਨੇ ਕਿਸਾਨਾਂ ਨੂੰ ਮਨਾਉਣ ਲਈ ਲਾਇਆ ਅੱਡੀ-ਚੋਟੀ ਦਾ ਜ਼ੋਰ:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀਰਵਾਰ ਨੂੰ ਪੰਜਾਬ ਭਰ 'ਚ ਕਿਸਾਨੀ ਮੰਗਾਂ ਦੀ ਪੂਰਤੀ ਨੂੰ ਲੈ ਕੇ ਰੇਲ ਪਟੜੀ 'ਤੇ ਬੈਠ ਕੇ ਟਰੇਨਾਂ ਰੋਕੀਆਂ ਗਈਆਂ ਸਨ।ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਥੇ ਪੰਜਾਬ ਭਰ ਵਿੱਚ ਟਰੇਨਾਂ ਰੋਕੀਆਂ ਗਈਆਂ ਹਨ ,ਓਥੇ ਹੀ ਬਟਾਲਾ ਰੇਲਵੇ ਸਟੇਸ਼ਨ 'ਤੇ ਚੱਲਣ ਵਾਲੀਆਂ ਸਾਰੀਆਂ ਟਰੇਨਾਂ 2 ਦਿਨਾਂ ਤੋਂ ਠੱਪ ਰਹੀਆਂ ਹਨ।

ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 2 ਦਿਨਾਂ ਤੋਂ ਧਰਨਾ ਲਗਾਤਰ ਜਾਰੀ ਹੈ ਅਤੇ ਕਿਸਾਨਾਂ ਦਾ ਧਰਨਾ ਰਾਤ ਵੇਲੇ ਵੀ ਜਾਰੀ ਰਿਹਾ ਹੈ।ਇਸ ਸਮੇਂ ਵੀ ਕਿਸਾਨ ਮਜ਼ਦੂਰ ਬਟਾਲਾ 'ਚ ਰੇਲਵੇ ਟਰੈਕ 'ਤੇ ਮੋਰਚਾ ਲਗਾ ਕੇ ਬੈਠੇ ਹਨ।

ਇਸ ਮੌਕੇ ਕਿਸਾਨਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਫ਼ਸਲਾਂ ਦੇ ਬਣਦੇ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਦਿੱਤੇ ਜਾਣ ,ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ ਅਤੇ ਪਰਾਲੀ ਦਾ ਸਥਾਈ ਹੱਲ ਕੀਤਾ ਜਾਵੇ।ਜਿਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠਾਂ ਦੱਬ ਰਹੇ ਹਨ ,ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹਨ।ਇਸ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਫੌਰੀ ਧਿਆਨ ਦੇਣਾ ਚਾਹੀਦਾ ਹੈ।

ਇਸ ਸਬੰਧੀ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਮਨਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਬੇਸਿੱਟਾ ਰਹੀਆਂ ਹਨ।ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਵਿਚਕਾਰਲਾ ਰਸਤਾ ਬਰਦਾਸ਼ਤ ਨਹੀ ਬਰਦਾਸ਼ਤ ,ਜਿਸ ਕਰਕੇ ਧਰਨਾ ਬਰਕਰਾਰ ਰਹੇਗਾ।

-PTCNews

Related Post