ਬਠਿੰਡਾ ਦੀ ਵਿਦਿਆਰਥਣ ਰਮਨਦੀਪ ਕੌਰ ਨੇ ਲੱਭਿਆ ਪਾਣੀ ਦੀ ਸਮੱਸਿਆ ਦਾ ਹੱਲ

By  Shanker Badra May 23rd 2018 06:21 PM

ਬਠਿੰਡਾ ਦੀ ਵਿਦਿਆਰਥਣ ਰਮਨਦੀਪ ਕੌਰ ਨੇ ਲੱਭਿਆ ਪਾਣੀ ਦੀ ਸਮੱਸਿਆ ਦਾ ਹੱਲ:ਵਿਦਿਆਰਥੀਆਂ ਨੂੰ ਵਿਗਿਆਨ ਵਿਸ਼ੇ ਪ੍ਰਤੀ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ 'ਤੇ 'ਇੰਸਪਾਇਰ ਐਵਾਰਡ ਐਗਜ਼ੀਬੀਸ਼ਨ' ਨਾਂ ਹੇਠ ਪ੍ਰੋਜੈਕਟ ਤੇ ਪੇਂਟਿੰਗ ਪ੍ਰਤੀਯੋਗਤਾ ਕਰਵਾਈ ਗਈ।ਇਸ ਪ੍ਰਤੀਯੋਗਤਾ 'ਚ ਬਠਿੰਡਾ,ਮਾਨਸਾ ਤੇ ਬਰਨਾਲਾ ਦੇ ਸਵਾ ਸੌ ਦੇ ਕਰੀਬ ਵਿਦਿਆਰਥੀਆਂ ਨੇ ਆਪਣੇ ਆਲੇ-ਦੁਆਲੇ ਦੀਆਂ ਸਮੱਸਿਆਵਾਂ ਨੂੰ ਦਰਸਾਉਂਦੇ ਪ੍ਰੋਜੈਕਟ ਪੇਸ਼ ਕੀਤੇ।

ਇਨ੍ਹਾਂ ਪ੍ਰੋਜੈਕਟਾਂ ਨੂੰ ਬਣਾਉਣ ਤੇ ਆਉਣ-ਜਾਣ ਦੇ ਖਰਚ ਲਈ ਸਰਕਾਰ ਵੱਲੋਂ ਹਰ ਵਿਦਿਆਰਥੀਆਂ ਨੂੰ 10 ਹਜ਼ਾਰ ਰੁਪਏ ਦਿੱਤੇ ਗਏ।ਇਸ ਪ੍ਰਤੀਯੋਗਤਾ 'ਚ ਭਾਗੋ ਸਕੂਲ ਦੀ ਵਿਦਿਆਰਥਣ ਰਮਨਦੀਪ ਕੌਰ ਦਾ ਦੋ ਪਰਤੀ ਨਹਿਰ ਪ੍ਰੋਜੈਕਟ ਖਾਸ ਤੌਰ 'ਤੇ ਖਿੱਚ ਦਾ ਕੇਂਦਰ ਰਿਹਾ।ਰਮਨਦੀਪ ਨੇ ਦੱਸਿਆ ਕਿ ਬਠਿੰਡਾ ਵਿੱਚ ਪਾਣੀ ਦੀ ਕਿੱਲਤ ਤੋਂ ਬਾਅਦ ਉਸ ਦੇ ਦਿਮਾਗ 'ਚ ਇਸ ਦਾ ਹੱਲ ਲੱਭਣ ਦਾ ਸੁਝਾਅ ਆਇਆ ਸੀ।

ਇਸ ਪ੍ਰੋਜੈਕਟ 'ਚ ਦਿਖਾਇਆ ਗਿਆ ਕਿ ਨਹਿਰ ਨੂੰ ਦੋ ਪਰਤਾਂ 'ਚ ਬਣਾਇਆ ਜਾਵੇ ਤਾਂ ਜੋ ਹੇਠਲੀ ਪਰਤ 'ਚ ਪੀਣ ਲਈ ਪਾਣੀ ਦੀ ਸਪਲਾਈ ਪਾਈਪਾਂ ਰਾਹੀਂ ਹੋਵੇ ਜਦਕਿ ਉੱਪਰਲੀ ਪਰਤ 'ਚ ਸਿੰਜਾਈ ਤੇ ਹੋਰ ਕੰਮਾਂ ਲਈ ਖੁੱਲ੍ਹਾ ਪਾਣੀ ਛੱਡਿਆ ਜਾਵੇ।ਹੇਠਲੀ ਪਰਤ ਦਾ ਫਾਇਦਾ ਇਹ ਵੀ ਹੈ ਕਿ ਨਹਿਰ ਦੀ ਬੰਦੀ ਵੇਲੇ ਵੀ ਪੀਣ ਲਈ ਪਾਣੀ ਰੱਖਿਆ ਜਾ ਸਕਦਾ ਹੈ।

ਪ੍ਰੋਜੈਕਟਾਂ ਦੀ ਪਰਖ ਲਈ ਹੈਦਰਾਬਾਦ ਤੋਂ ਪਹੁੰਚੇ ਮੈਡਮ ਸਵਾਤੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਰਾਜ ਪੱਧਰੀ ਮੁਕਾਬਲਿਆਂ 'ਚ ਸ਼ਾਮਲ ਕੀਤਾ ਜਾਵੇਗਾ। ਉਸ ਤੋਂ ਬਾਅਦ ਰਾਸ਼ਟਰੀ ਪੱਧਰ ਦੇ ਜੇਤੂ ਵੀ ਚੁਣੇ ਜਾਣਗੇ।

-PTCNews

Related Post