ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਮਰੀਕਾ ’ਚ ਸਿੱਖਾਂ ’ਤੇ ਹੁੰਦੇ ਨਸਲੀ ਹਮਲਿਆਂ ’ਤੇ ਪ੍ਰਗਟਾਈ ਚਿੰਤਾ

By  Shanker Badra December 21st 2019 11:09 AM

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਮਰੀਕਾ ’ਚ ਸਿੱਖਾਂ ’ਤੇ ਹੁੰਦੇ ਨਸਲੀ ਹਮਲਿਆਂ ’ਤੇ ਪ੍ਰਗਟਾਈ ਚਿੰਤਾ:ਅੰਮ੍ਰਿਤਸਰ : ਅਮਰੀਕਾ ਦੇ ਕੈਲੀਫੋਰਨੀਆ ਵਿਚ ਇੱਕ ਸਿੱਖ ਟੈਕਸੀ ਡਰਾਈਵਰ ਦੀ ਕੁੱਟਮਾਰ ਕਰਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੰਦਭਾਗਾ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਪ੍ਰੈਸ ਬਿਆਨ ’ਚ ਆਖਿਆ ਕਿ ਵਿਦੇਸ਼ਾਂ ਅੰਦਰ ਸਿੱਖਾਂ ’ਤੇ ਹੋ ਰਹੇ ਅਜਿਹੇ ਹਮਲੇ ਗਹਿਰੀ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਆਖਿਆ ਖ਼ਾਸਕਰ ਅਮਰੀਕਾ ਅੰਦਰ ਸਿੱਖਾਂ ਸਮੇਤ ਘੱਟ -ਗਿਣਤੀਆਂ ’ਤੇ ਹਮਲਿਆਂ ਦਾ ਚਲਣ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬਲਜੀਤ ਸਿੰਘ ਨਾਂ ਦੇ ਟੈਕਸੀ ਡਰਾਈਵਰ ’ਤੇ ਹੋਏ ਇਸ ਹਮਲੇ ਤੋਂ ਪਹਿਲਾਂ ਵੀ ਬੀਤੇ ਹਫ਼ਤੇ ਅਮਰੀਕਾ ਦੇ ਹੀ ਸ਼ਹਿਰ ਬੇਲਿੰਗਹੇਮ ’ਚ ਵੀ ਇਕ ਸਿੱਖ ਡਰਾਈਵਰ ਨੂੰ ਨਫ਼ਰਤੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਸੀ। ਅਜਿਹੇ ਹਮਲਿਆਂ ਨਾਲ ਵਿਦੇਸ਼ਾਂ ਅੰਦਰ ਵੱਸਦੇ ਸਿੱਖਾਂ ਵਿਚ ਸਹਿਮ ਵੱਧ ਰਿਹਾ ਹੈ।

ਭਾਈ ਲੌਂਗੋਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮੰਦਭਾਗੇ ਵਰਤਾਰੇ ਨੂੰ ਰੋਕਣ ਲਈ ਵਿਦੇਸ਼ਾਂ ਦੀਆਂ ਸਰਕਾਰਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਦੇ ਸਿੱਖ ਆਗੂ ਅਤੇ ਗੁਰਦੁਆਰਾ ਕਮੇਟੀਆਂ ਵੀ ਉਥੋਂ ਦੀਆਂ ਸਰਕਾਰਾਂ ਨਾਲ ਸਿੱਖਾਂ ’ਤੇ ਹੁੰਦੇ ਨਸਲੀ ਹਮਲੇ ਰੋਕਣ ਲਈ ਗੱਲਬਾਤ ਕਰਨ। ਭਾਈ ਲੌਂਗੋਵਾਲ ਨੇ ਕਿਹਾ ਕਿ ਵਿਦੇਸ਼ਾਂ ਦੀ ਤਰੱਕੀ ਵਿੱਚੋਂ ਸਿੱਖਾਂ ਦੇ ਯੋਗਦਾਨ ਨੂੰ ਮਨਫ਼ੀ ਨਹੀਂ ਕੀਤਾ ਸਕਦਾ। ਪਰੰਤੂ ਜਦੋਂ ਸਿੱਖਾਂ ’ਤੇ ਨਸਲੀ ਹਮਲੇ ਹੁੰਦੇ ਹਨ ਤਾਂ ਸਿੱਖਾਂ ਦੇ ਮਨਾਂ ਨੂੰ ਠੇਸ ਪੁੱਜਦੀ ਹੈ।

ਉਨ੍ਹਾਂ ਆਖਿਆ ਕਿ ਕਿਸੇ ਵੀ ਦੇਸ਼ ਅੰਦਰ ਘੱਟਗਿਣਤੀਆਂ ਨੂੰ ਦਬਾਉਣ ਠੀਕ ਨਹੀਂ। ਹਰ ਦੇਸ਼ ਦੀ ਸਰਕਾਰ ਦਾ ਮੁੱਢਲਾ ਫ਼ਰਜ਼ ਹੈ ਕਿ ਆਪਣੇ ਦੇਸ਼ ਵਿਚ ਵੱਸਦੇ ਹਰ ਧਰਮ ਦੇ ਲੋਕਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਮਰੀਕਾ ਵਰਗੇ ਅਗਾਂਹਵਧੂ ਦੇਸ਼ ਨੂੰ ਕਿਸੇ ਵੀ ਕੌਮ ’ਤੇ ਹੁੰਦੇ ਨਸਲੀ ਹਮਲਿਆਂ ਨੂੰ ਸੰਜਦਗੀ ਨਾਲ ਲੈਣਾ ਚਾਹੀਦਾ ਹੈ ਅਤੇ ਅਜਿਹਾ ਕਰਨ ਵਾਲੇ ਲੋਕਾਂ ’ਤੇ ਲਗਾਮ ਕੱਸਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਅਜਿਹੀ ਮਿਸਾਲੀ ਸਜ਼ਾ ਦਿੱਤੀ ਜਾਵੇ, ਜਿਸ ਨਾਲ ਕਿਸੇ ਅੰਦਰ ਵੀ ਅਜਿਹਾ ਘਿਨੌਣਾ ਕਾਰਨਾਮਾ ਕਰਨ ਦੀ ਹਿੰਮਤ ਨਾ ਪਵੇ।

-PTCNews

Related Post