SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਲੀ ’ਚ ਵਾਪਰੀਆਂ ਹਿੰਸਕ ਘਟਨਾਵਾਂ ’ਤੇ ਜਤਾਈ ਚਿੰਤਾ

By  Shanker Badra February 27th 2020 07:11 PM

SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਲੀ ’ਚ ਵਾਪਰੀਆਂ ਹਿੰਸਕ ਘਟਨਾਵਾਂ ’ਤੇ ਜਤਾਈ ਚਿੰਤਾ:ਅੰਮ੍ਰਿਤਸਰ :ਦਿੱਲੀ ਅੰਦਰ ਹਿੰਸਕ ਘਟਨਾਵਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਜਿਥੇ ਸਰਕਾਰਾਂ ਨੂੰ ਸੰਜੀਦਾ ਭੂਮਿਕਾ ਨਿਭਾਉਣੀ ਚਾਹੀਦੀ ਹੈ, ਉਥੇ ਹੀ ਦਿੱਲੀ ਵਾਸੀਆਂ ਨੂੰ ਵੀ ਸ਼ਾਂਤੀ ਦੇ ਰਾਹ ’ਤੇ ਅੱਗੇ ਵਧਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਭਾਈ ਲੌਂਗੋਵਾਲ ਨੇ ਆਖਿਆ ਕਿ ਦੇਸ਼ ਦੀ ਰਾਜਧਾਨੀ ਅੰਦਰ ਹਿੰਸਕ ਮਾਹੌਲ ਬੇਹੱਦ ਚਿੰਤਾਜਨਕ ਹੈ।

ਇਸ ਦੌਰਾਨ ਦੋ ਦਰਜਨ ਤੋਂ ਵੱਧ ਮਨੁੱਖੀ ਜਾਨਾਂ ਦਾ ਚਲੇ ਜਾਣਾ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲਾ ਹੈ। ਇਸ ਵਰਤਾਰੇ ਨੂੰ ਰੋਕਣਾ ਸਰਕਾਰਾਂ ਦੇ ਨਾਲ-ਨਾਲ ਸਾਡੀ ਸਭ ਦੀ ਜ਼ੁੰਮੇਵਾਰੀ ਬਣਦੀ ਹੈ। ਉਨ੍ਹਾਂ ਆਖਿਆ ਕਿ ਸਿੱਖਾਂ ਨਾਲ 1984 ਵਿਚ ਸਮੇਂ ਦੀ ਕਾਂਗਰਸ ਸਰਕਾਰ ਨੇ ਨਫ਼ਰਤੀ ਹਿੰਸਾ ਅਤੇ ਜ਼ੁਲਮੀ ਕਹਿਰ ਕੀਤਾ ਸੀ, ਜਿਸ ਨੂੰ ਅਸੀਂ ਅਜੇ ਤੱਕ ਭੁੱਲ ਨਹੀਂ ਸਕੇ। ਪੀੜਾ ਦਾ ਉਨ੍ਹਾਂ ਨੂੰ ਹੀ ਅਹਿਸਾਸ ਹੁੰਦਾ ਹੈ ਜਿਨ੍ਹਾਂ ’ਤੇ ਬੀਤਦੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਕਿਸੇ ਵੀ ਖਾਸ ਫਿਰਕੇ ਨਾਲ ਵਧੀਕੀ ਨਹੀਂ ਹੋਣੀ ਚਾਹੀਦੀ। ਇਸ ਦੇਸ਼ ਵਿਚ ਵੱਸਣ ਵਾਲਾ ਹਰ ਬਾਸ਼ਿੰਦਾ ਮਨੁੱਖੀ ਅਧਿਕਾਰਾਂ ਦਾ ਹੱਕ ਰੱਖਦਾ ਹੈ।

ਭਾਈ ਲੌਂਗੋਵਾਲ ਨੇ ਕਿਹਾ ਕਿ ਦਿੱਲੀ ਵਿਚ ਵਾਪਰੀਆਂ ਇਨ੍ਹਾਂ ਹਿੰਸਕ ਘਟਨਾਵਾਂ ਨੇ ਹਰ ਸੰਜੀਦਾ ਮਨੁੱਖ ਨੂੰ ਹਲੂਣਿਆ ਹੈ। ਭਾਈ ਲੌਂਗੋਵਾਲ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਾਂਤੀ ਦੀ ਵਿਵਸਥਾ ਬਣਾਈ ਰੱਖਣ ਲਈ ਭਾਈਚਾਰਕ ਕਦਰਾਂ-ਕੀਮਤਾਂ ਅਤੇ ਆਪਸੀ ਸਾਂਝਾ ਨਾ ਟੁੱਟਣ ਦੇਣ। ਉਨ੍ਹਾਂ ਦਿੱਲੀ ਸਥਿਤ ਗੁਰਦੁਆਰਾ ਕਮੇਟੀਆਂ ਨੂੰ ਅੱਗੇ ਹੋ ਕੇ ਸ਼ਾਂਤੀ ਭਰਪੂਰ ਮਾਹੌਲ ਬਣਾਉਣ ਅਤੇ ਪੀੜਤਾਂ ਦੀ ਮੱਦਦ ਕਰਨ ਦੀ ਵੀ ਅਪੀਲ ਕੀਤੀ।

-PTCNews

Related Post