ਭਾਈ ਲੌਂਗੋਵਾਲ ਨੇ ਫਿਲਪਾਈਨ ’ਚ ਸਿੱਖ ਵਿਅਕਤੀ ਦੀ ਹੱਤਿਆ ਦੀ ਕੀਤੀ ਨਿਖੇਧੀ

By  Shanker Badra August 13th 2018 08:23 PM

ਭਾਈ ਲੌਂਗੋਵਾਲ ਨੇ ਫਿਲਪਾਈਨ ’ਚ ਸਿੱਖ ਵਿਅਕਤੀ ਦੀ ਹੱਤਿਆ ਦੀ ਕੀਤੀ ਨਿਖੇਧੀ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਫਿਲਪਾਈਨ ’ਚ ਇਕ ਸਿੱਖ ਨੌਜੁਆਨ ਦੀ ਹੱਤਿਆ ਕੀਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਵਿਦੇਸ਼ਾਂ ਅੰਦਰ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਵਿਦੇਸ਼ਾਂ ਅੰਦਰ ਸਿੱਖਾਂ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।ਭਾਈ ਲੌਂਗੋਵਾਲ ਨੇ ਕਿਹਾ ਕਿ ਬੀਤੇ ਕੱਲ੍ਹ ਅਜਿਹੀ ਹੀ ਇਕ ਮੰਦਭਾਗੀ ਘਟਨਾ ਨੂੰ ਅੰਜ਼ਾਮ ਦਿੰਦਿਆਂ ਫਿਲਪਾਈਨ ਵਿਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਰਸੜੀ ਦੇ ਨੌਜੁਆਨ ਦੁਰਲਾਭ ਸਿੰਘ ਦੀ ਹੱਤਿਆ ਕਰ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਫਿਲਪਾਈਨ ਵਿਚ ਅਕਸਰ ਹੀ ਅਜਿਹੀਆਂ ਘਟਨਾਵਾਂ ਦਾ ਪੰਜਾਬੀਆਂ ਨੂੰ ਸ਼ਿਕਾਰ ਹੋਣਾ ਪੈ ਰਿਹਾ ਹੈ।ਅਜਿਹੀਆਂ ਘਟਨਾਵਾਂ ਕਰਨ ਵਾਲੇ ਲੋਕਾਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀ ਹਨ।ਭਾਈ ਲੌਂਗੋਵਾਲ ਨੇ ਆਖਿਆ ਕਿ ਸਿੱਖ ਆਪਣੇ ਨਿਰਾਲੇ ਸੱਭਿਆਚਾਰ ਅਤੇ ਰਹਿਣੀ ਕਾਰਨ ਵਿਲੱਖਣ ਪਹਿਚਾਣ ਰੱਖਦੇ ਹਨ ਅਤੇ ਇਹ ਜਿਸ ਵੀ ਦੇਸ਼ ਵਿਚ ਰਹਿੰਦੇ ਹਨ,ਉਥੋਂ ਦੀ ਤਰੱਕੀ ਲਈ ਵੱਡਾ ਯੋਗਦਾਨ ਪਾਉਂਦੇ ਹਨ ਪਰੰਤੂ ਅਮਨਪਸੰਦ ਅਤੇ ਕਿਰਤ ਸੱਭਿਆਚਾਰ ਨਾਲ ਜੁੜੇ ਹੋਏ ਪੰਜਾਬੀਆਂ ਨੂੰ ਜਾਣਬੁਝ ਕੇ ਨਸਲੀ ਹਮਲਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।

ਅਜਿਹੀਆਂ ਘਟਨਾਵਾਂ ਰੋਕਣ ਲਈ ਭਾਰਤ ਸਰਕਾਰ ਨੂੰ ਵਿਸ਼ੇਸ਼ ਨੀਤੀ ਅਖ਼ਤਿਆਰ ਕਰਨੀ ਚਾਹੀਦੀ ਹੈ, ਤਾਂ ਜੋ ਸਿੱਖ ਦੁਨੀਆਂ ਭਰ ਵਿਚ ਬੇਖ਼ੌਫ਼ ਹੋ ਕੇ ਆਪਣਾ ਜੀਵਨ ਬਤੀਤ ਕਰ ਸਕਣ।

-PTCNews

Related Post