ਆਖ਼ਿਰ ਇੱਕ ਗਰੀਬ ਪਰਿਵਾਰ ਸ਼ਮਸ਼ਾਨ ਘਾਟ 'ਚ ਰਹਿਣ ਲਈ ਕਿਉਂ ਹੋਇਆ ਮਜਬੂਰ !

By  Shanker Badra August 1st 2018 06:26 PM -- Updated: August 1st 2018 06:30 PM

ਆਖ਼ਿਰ ਇੱਕ ਗਰੀਬ ਪਰਿਵਾਰ ਸ਼ਮਸ਼ਾਨ ਘਾਟ 'ਚ ਰਹਿਣ ਲਈ ਕਿਉਂ ਹੋਇਆ ਮਜਬੂਰ !: ਜਦੋਂ ਕਿਸੇ 'ਤੇ ਗਰੀਬੀ ਆਉਂਦੀ ਹੈ ਤਾਂ ਉਹ ਦੁੱਖਾਂ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੋ ਜਾਂਦਾ ਹੈ।ਅੱਜ ਵੀ ਇੱਕ ਗਰੀਬ ਪਰਿਵਾਰ ਅਜਿਹੇ ਹਾਲਾਤਾਂ 'ਚ ਰਹਿਣ ਲਈ ਮਜਬੂਰ ਹੈ।ਗੱਲ ਕਰਦੇ ਹਾਂ ਭਿੱਖੀਵਿੰਡ ਦੇ ਨੇੜੇ ਇਤਹਾਸਿਕ ਨਗਰ ਪਹੁਵਿੰਡ ਦੀ ,ਜਿਥੇ ਇੱਕ ਗਰੀਬ ਪਰਿਵਾਰ ਉੱਪਰ ਛੱਤ ਨਾ ਹੋਣ ਕਾਰਨ ਸ਼ਮਸ਼ਾਨ ਘਾਟ 'ਚ ਰਹਿਣ ਲਈ ਮਜਬੂਰ ਹੈ।

ਲਖਵਿੰਦਰ ਸਿੰਘ ਆਪਣੀ ਪਤਨੀ ਅਤੇ 11 ਸਾਲ ਦੇ ਬੱਚੇ ਸਮੇਤ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਆਪਣੀ ਜ਼ਿੰਦਗੀ ਦਾ ਰੈਣ ਬਸੇਰਾ ਕਰਨ ਲਈ ਮਜਬੂਰ ਹੈ।ਪਿਛਲੇ ਡੇਢ ਮਹੀਨੇ ਤੋਂ ਇਸ ਪਰਿਵਾਰ ਦੀ ਕਿਸੇ ਨੇ ਵੀ ਸਾਰ ਨਹੀਂ ਲਈ ਹਾਲਾਂਕਿ ਸਰਕਾਰਾਂ ਗਰੀਬ ਲੋਕਾਂ ਨੂੰ ਵੱਖ-ਵੱਖ ਸਕੀਮਾਂ ਤਹਿਤ ਘਰ ਬਣਾਕੇ ਦੇਣ ਦੀ ਗੱਲ ਕਰਦੀਆਂ ਹਨ ਪਰ ਇਸ ਪਰਿਵਾਰ ਨੂੰ ਨਾ ਤਾਂ ਘਰ ਮਿਲਿਆ ਅਤੇ ਨਾ ਹੀ ਕੋਈ ਪਲਾਟ ਮਿਲਿਆ ਹੈ ਅਖੀਰ ਇਸ ਪਰਿਵਾਰ ਨੇ ਸ਼ਮਸ਼ਾਨ ਘਾਟ ਨੂੰ ਆਪਣਾ ਘਰ ਬਣਾ ਲਿਆ ਅਤੇ ਇਥੇ ਰਹਿਣ ਲੱਗ ਪਏ ਹਨ।

ਇਸ ਬਾਰੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ ਆਪਣੀ 7 ਮਰਲੇ ਜ਼ਮੀਨ ਸੀ ਜੋ ਕਿ ਪਿੰਡ ਵੀਰਮ ਵਿੱਚ ਉਸਨੇ ਖਰੀਦੀ ਸੀ ਪਰ ਸਰਕਾਰ ਅਤੇ ਗ੍ਰਾਮ ਪੰਚਾਇਤ ਵਲੋਂ ਛੱਪੜ ਦੀ ਖੁਦਾਈ ਦੌਰਾਨ ਉਹ ਥਾਂ ਛੱਪੜ ਵਿਚ ਮਿਲ ਗਈ।ਉਸਨੂੰ ਆਪਣੀ ਥਾਂ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ ਅਤੇ ਨਾ ਹੀ ਥਾਂ ਬਦਲੇ ਹੋਰ ਥਾਂ ਮਿਲੀ ਹੈ।ਇਸ ਤੋਂ ਬਾਅਦ ਉਹ ਅਤੇ ਉਸਦਾ ਪਰਿਵਾਰ ਠੋਕਰਾਂ ਖਾਣ ਨੂੰ ਮਜਬੂਰ ਹੋ ਰਿਹਾ ਹੈ ਅਤੇ ਪਹਿਲਾਂ ਇਨ੍ਹਾਂ ਨੇ ਭਿੱਖੀਵਿੰਡ ਦੇ ਬਲੇਰ ਰੋਡ 'ਤੇ ਪੈਂਦੇ ਸ਼ਮਸ਼ਾਨ ਘਾਟ 'ਚ ਕੁੱਝ ਦਿਨ ਗੁਜ਼ਾਰੇ ਅਤੇ ਹੁਣ ਇਹ ਪਰਿਵਾਰ ਭਿੱਖੀਵਿੰਡ ਦੇ ਨਾਲ ਲਗਦੇ ਇਤਿਹਾਸਿਕ ਨਗਰ ਪਹੁਵਿੰਡ ਦੇ ਸ਼ਮਸ਼ਾਨ ਘਾਟ 'ਚ ਪਿਛਲੇ ਡੇਢ ਮਹੀਨੇ ਤੋਂ ਰਹਿ ਰਿਹਾ ਹੈ।

ਇਹ ਪਰਿਵਾਰ ਆਪਣੇ 11 ਸਾਲ ਦੇ ਬੇਟੇ ਅਜੈ ਸਿੰਘ ਨਾਲ ਸ਼ਮਸ਼ਾਨ ਘਾਟ 'ਚ ਰਹਿ ਰਿਹਾ ਹੈ।ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਲਖਵਿੰਦਰ ਸਿੰਘ ਦੀ ਪਤਨੀ ਪਰਮਜੀਤ ਕੌਰ ਦੀਆਂ ਦੋਵੇਂ ਲੱਤਾਂ ਪੋਲੀਓ ਹੋਣ ਕਾਰਨ ਕੰਮ ਨਹੀਂ ਕਰਦੀਆਂ।ਪਰਮਜੀਤ ਕੌਰ ਨੇ ਕਿਹਾ ਕਿ ਸਰਕਾਰ ਸਿਰਫ ਦਾਅਵੇ ਕਰਦੀਆਂ ਹਨ ਕਿ ਗਰੀਬ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀ ਹਨ ਪਰ ਸਾਡਾ ਪਰਿਵਾਰ ਇਸਦੀ ਮਿਸਾਲ ਹੈ ਕਿ ਸਾਡੀ ਕਿਸੇ ਨੇ ਕੋਈ ਸਾਰ ਨਹੀਂ ਲਈ ਅਤੇ ਮਜਬੂਰੀ ਵੱਸ ਸਾਨੂੰ ਸ਼ਮਸ਼ਾਨ ਘਾਟ ਵਿਚ ਰਹਿਣਾ ਪੈ ਰਿਹਾ ਹੈ।

ਜਦੋਂ ਇਸ ਸਬੰਧੀ ਭਿੱਖੀਵਿੰਡ ਦੇ ਬੀ.ਡੀ.ਓ ਪਿਆਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਹੁਣ ਪੰਚਾਇਤਾਂ ਭੰਗ ਹੋ ਚੁੱਕੀਆਂ ਹਨ ਅਤੇ ਨਵੀਆਂ ਪੰਚਾਇਤਾਂ ਬਣਨ 'ਤੇ ਹੀ ਮਤਾ ਪਾ ਕੇ ਇੰਨਾ ਨੂੰ ਪੰਚਾਇਤੀ ਜਗ੍ਹਾ 'ਚੋਂ 5 ਮਰਲੇ ਦਾ ਪਲਾਟ ਅਲਾਟ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਮਤਾ ਪੈਣ ਤੋਂ ਬਾਅਦ ਇੱਕ ਡੇਢ ਮਹੀਨੇ ਦੀ ਪ੍ਰਕਿਰਿਆ ਹੁੰਦੀ ਹੈ ਤੇ ਜਗ੍ਹਾ ਅਲਾਟ ਕਰਨ ਲਈ ਅਤੇ ਇਹ ਪੰਚਾਇਤੀ ਚੋਣਾਂ ਤੋਂ ਬਾਅਦ ਹੀ ਸੰਭਵ ਹੈ।

-PTCNews

Related Post