ਬੀਬੀ ਜਗੀਰ ਕੌਰ ਨੇ ਫ਼ੌਜ ਦੀ ਭਰਤੀ ਦੌਰਾਨ ਅੰਮ੍ਰਿਤਧਾਰੀ ਨੌਜਵਾਨਾਂ ਦੇ ਕਕਾਰ ਉਤਾਰਨ ਦੀ ਕੀਤੀ ਨਿੰਦਾ

By  Shanker Badra April 10th 2021 06:38 PM

ਅੰਮ੍ਰਿਤਸਰ : ਫਿਰੋਜ਼ਪੁਰ ਵਿਖੇ ਆਰਮੀ ਦੀ ਭਰਤੀ ਦੌਰਾਨ ਫਿਜੀਕਲ ਟੈਸਟ ਸਮੇਂ ਆਰਮੀ ਅਫ਼ਸਰਾਂ ਵੱਲੋਂ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਕਕਾਰ ਉਤਾਰਨ ਲਈ ਮਜ਼ਬੂਰ ਕਰਨਾ ਘਿਨਾਉਣੀ ਹਰਕਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਲਈ ਕਕਾਰ ਰਹਿਤ ਦਾ ਅਹਿਮ ਹਿੱਸਾ ਹਨ ,ਜਿਨ੍ਹਾਂ ਨੂੰ ਸਰੀਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਭਾਰਤ ਬਹੁ-ਧਰਮੀ ਦੇਸ਼ ਹੈ, ਜਿਸ ਦਾ ਸੰਵਿਧਾਨ ਹਰੇਕ ਨੂੰ ਆਪਣੇ ਆਪਣੇ ਧਰਮ ਅਨੁਸਾਰ ਰਹਿਣ ਦੀ ਇਜਾਜ਼ਤ ਦਿੰਦਾ ਹੈ। ਅਜਿਹੇ ਵਿਚ ਭਰਤੀ ਸਮੇਂ ਨੌਜਵਾਨਾਂ ਨੂੰ ਕਕਾਰ ਉਤਾਰਨ ਲਈ ਮਜ਼ਬੂਰ ਕਰਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਫ਼ੌਜ ਅੰਦਰ ਬਹੁਤ ਸਾਰੇ ਅੰਮ੍ਰਿਤਧਾਰੀ ਨੌਜਵਾਨ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।

ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਸਿੱਖ ਨੌਜਵਾਨਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਦੋਂ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਜਿਨ੍ਹਾਂ ਨੇ ਧਰਮਾਂ ਦੀ ਅਜ਼ਾਦੀ ਲਈ ਆਪਣੀ ਸ਼ਹਾਦਤ ਦਿੱਤੀ।

ਉਸ ਸਮੇਂ ਭਰਤੀ ਦੌਰਾਨ ਫ਼ੌਜੀ ਅਫ਼ਸਰਾਂ ਵੱਲੋਂ ਸਿੱਖ ਨੌਜਵਾਨਾਂ ਦੇ ਕਕਾਰ ਉਤਾਰਨ ਅਤੇ ਜਿਨ੍ਹਾਂ ਨੌਜਵਾਨਾਂ ਨੇ ਕਕਾਰ ਉਤਾਰਨ ਤੋਂ ਮਨ੍ਹਾਂ ਕੀਤਾ ਨੂੰ, ਭਰਤੀ ਤੋਂ ਬਾਹਰ ਕਰਨ ਨਾਲ ਪੂਰੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਸਬੰਧਤ ਅਫ਼ਸਰਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਅੱਗੇ ਤੋਂ ਫ਼ੌਜੀ ਅਫ਼ਸਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਅਜਿਹੀਆਂ ਘਟਨਾਵਾਂ ਨਾ ਵਾਪਰਨ, ਜਿਨ੍ਹਾਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੇ।

-PTCNews

Related Post