ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ; ਸਾਰੀਆਂ FIR ਦਿੱਲੀ ਤਬਦੀਲ ਕਰਨ ਦੇ ਨਿਰਦੇਸ਼

By  Jasmeet Singh August 10th 2022 04:44 PM

ਨਵੀਂ ਦਿੱਲੀ, 10 ਅਗਸਤ: ਪੈਗੰਬਰ ਮੁਹੰਮਦ 'ਤੇ ਇਤਰਾਜ਼ਯੋਗ ਟਿੱਪਣੀ ਕਰਨ 'ਤੇ ਭਾਜਪਾ ਤੋਂ ਕੱਢੀ ਗਈ ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਖ਼ਿਲਾਫ਼ ਦਰਜ ਸਾਰੀਆਂ ਐਫਆਈਆਰਜ਼ ਨੂੰ ਦਿੱਲੀ ਟਰਾਂਸਫਰ ਕਰਨ ਦੇ ਨਿਰਦੇਸ਼ ਦਿੱਤੇ ਹਨ।

ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਹੋਰ ਰਾਜ ਦੀ ਪੁਲਿਸ ਜਿੱਥੇ ਐਫਆਈਆਰ ਦਰਜ ਕੀਤੀ ਗਈ ਹੈ, ਉਹ ਜਾਂਚ ਦੌਰਾਨ ਆਪਣਾ ਸੁਝਾਅ ਦੇਣਾ ਚਾਹੁੰਦੀ ਹੈ ਤਾਂ ਉਹ ਦੇ ਸਕਦੀ ਹੈ। ਦੱਸ ਦੇਈਏ ਕਿ ਭਾਜਪਾ ਤੋਂ ਮੁਲਤਵੀ ਨੂਪੁਰ ਦੇ ਵਕੀਲ ਨੇ ਸਾਰੇ ਕੇਸਾਂ ਨੂੰ ਦਿੱਲੀ ਟਰਾਂਸਫਰ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ।

ਸੁਪਰੀਮ ਕੋਰਟ ਨੇ ਇਸ 'ਤੇ ਕੇਂਦਰ-ਰਾਜ ਅਤੇ ਨੂਪੁਰ ਸ਼ਰਮਾ ਤੋਂ ਹਲਫ਼ਨਾਮਾ ਮੰਗਿਆ ਸੀ। ਅਦਾਲਤ ਨੇ ਨਿਰਦੇਸ਼ ਦਿੱਤਾ ਸੀ ਕਿ ਨੂਪੁਰ ਸ਼ਰਮਾ ਵਿਰੁੱਧ ਕੋਈ ਜ਼ਬਰਦਸਤੀ ਦੀ ਕਾਰਵਾਈ ਨਾ ਕੀਤੀ ਜਾਵੇ। ਸੁਣਵਾਈ ਦੌਰਾਨ ਨੂਪੁਰ ਸ਼ਰਮਾ ਵੱਲੋਂ ਪੇਸ਼ ਹੋਏ ਵਕੀਲ ਮਨਿੰਦਰ ਸਿੰਘ ਨੇ ਦੱਸਿਆ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ।

19 ਜੁਲਾਈ ਨੂੰ ਹੋਈ ਪਿਛਲੀ ਸੁਣਵਾਈ 'ਚ ਅਦਾਲਤ ਨੇ ਨੂਪੁਰ ਦੀ ਗ੍ਰਿਫਤਾਰੀ 'ਤੇ 10 ਅਗਸਤ ਤੱਕ ਰੋਕ ਲਗਾ ਦਿੱਤੀ ਸੀ। ਨੂਪੁਰ ਨੇ ਦੇਸ਼ ਭਰ 'ਚ ਆਪਣੇ ਖਿਲਾਫ ਦਰਜ ਸਾਰੀਆਂ FIR ਦਿੱਲੀ ਸ਼ਿਫਟ ਕਰਨ ਦੀ ਬੇਨਤੀ ਕੀਤੀ ਗਈ ਸੀ।

-PTC News

Related Post