ਖੰਨਾ 'ਚ ਵਾਪਰਿਆ ਭਿਆਨਕ ਹਾਦਸਾ, ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਬੱਸ ਪਲਟੀ

By  Shanker Badra May 12th 2020 12:28 PM

ਖੰਨਾ 'ਚ ਵਾਪਰਿਆ ਭਿਆਨਕ ਹਾਦਸਾ, ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਬੱਸ ਪਲਟੀ:ਖੰਨਾ : ਖੰਨਾ ਜੀ.ਟੀ. ਰੋਡ 'ਤੇ ਪਿੰਡ ਲਿਬੜਾ ਵਿਖੇ ਰਾਧਾ ਸਵਾਮੀ ਸਤਸੰਗ ਭਵਨ ਦੇ ਨਜ਼ਦੀਕ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਜੰਮੂ ਤੋਂ ਯੂ.ਪੀ. ਜਾ ਰਹੀ ਮਜ਼ਦੂਰਾਂ ਨਾਲ ਭਰੀ ਇੱਕ ਟੂਰਿੱਸਟ ਬੱਸ ਅਚਾਨਕ ਪਲਟ ਗਈ, ਜਿਸ 'ਚ ਕਈ ਮਜ਼ਦੂਰ ਜ਼ਖਮੀ ਹੋ ਗਏ ਹਨ।

ਜਿਸ ਤੋਂ ਬਾਅਦ ਜਖ਼ਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਇਸ ਬੱਸ 'ਚ ਸਵਾਰ ਮੁਸਾਫਰਾਂ ਮੁਤਾਬਕ ਉਹ ਬੱਸ 'ਚ ਜੰਮੂ ਤੋਂ ਬਿਹਾਰ ਜਾ ਰਹੇ ਸੀ। ਇਸ ਬੱਸ 'ਚ 42 ਦੇ ਕਰੀਬ ਪਰਵਾਸੀ ਸਵਾਰ ਸਨ। ਇਹ ਹਾਦਸਾ ਬੱਸ ਡਰਾਈਵਰ ਨੂੰ ਨੀਂਦ ਆਉਣ ਕਰ ਕੇ ਵਾਪਰਿਆ ਹੈ।

ਇਸ ਦੌਰਾਨ ਮੁਸਾਫਰਾਂ ਨੇ ਦੱਸਿਆ ਕਿ ਜਦੋਂ ਉਹ ਬੱਸ 'ਚ ਸੌਂ ਰਹੇ ਸਨ ਤਾਂ ਅਚਾਨਕ ਬੱਸ ਪਲਟ ਗਈ, ਜਿਸ ਕਾਰਨ 10 ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ 1-1 ਹਜ਼ਾਰ ਰੁਪਏ ਲਏ ਗਏ ਹਨ। ਫਿਲਹਾਲ ਬੱਸ ਦਾ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ। ਇਸ ਬੱਸ 'ਚ ਔਰਤਾਂ ਤੇ ਬੱਚੇ ਵੀ ਸਵਾਰ ਸਨ ।

ਇਸ ਮੌਕੇ ਥਾਣਾ ਸਦਰ ਦੇ ਐੱਸ. ਐੱਚ. ਓ. ਜਸਪਾਲ ਸਿੰਘ ਦਾ ਕਹਿਣਾ ਹੈ ਕਿ ਬੱਸ ਪਲਟਣ ਦੀ ਸੂਚਨਾ ਮਿਲਦੇ ਹੀ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਡਰਾਈਵਰ ਅਤੇ ਕੰਡਕਟਰ ਫ਼ਰਾਰ ਹਨ। ਉਨ੍ਹਾਂ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ।

-PTCNews

Related Post