'ਕੈਨੇਡਾ 'ਚ ਪੰਜਾਬ ਤੋਂ ਗਏ ਵਿਦਿਆਰਥੀਆਂ ਦੀ ਹਾਲਤ ਚਿੰਤਾਜਨਕ'

By  Joshi March 12th 2018 11:39 AM

canada punjabi students situation: ਹਰ ਸਾਲ ਪੰਜਾਬ ਤੋਂ ਕਈ ਨੌਜਵਾਨ ਬਾਹਰਲੇ ਮੁਲਕਾਂ ਖਾਸਕਰ ਕੈਨੇਡਾ ਜਾਣ ਦੇ ਚਾਹਵਾਨ ਹੁੰਦੇ ਹਨ ਅਤੇ ਇਸ ਲਈ ਉਹ ਕਈ ਕਈ ਲੱਖ ਰੁਪਏ ਦਾ ਖਰਚਾ ਕਰਨ ਲਈ ਵੀ ਨਹੀਂ ਝਿਜਕਦੇ।

ਇਸ ਬਾਰੇ 'ਚ ਚੰਡੀਗੜ੍ਹ 'ਚ ਚੱਲ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਪ੍ਰਵਾਸੀ ਸੈਸ਼ਨ ਦੌਰਾਨ ਇਹ ਗੱਲਾਂ ਸੁੱਖੀ ਬਾਠ ਨੇ ਗੱਲ ਕਰਦਿਆਂ ਕਿਹਾ ਕਿ ਉਹ ਵਿਦਿਆਰਥੀ ਜੋ ਹਰ ਸਾਲ ਪੰਜਾਬ ਤੋਂ ਕੈਨੇਡਾ ਜਾਂਦੇ ਹਨ, ਦੀ ਜ਼ਿੰਦਗੀ ਇੰਨ੍ਹੀ ਸੁਖਾਲੀ ਨਹੀਂ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਕੈਨੇਡਾ 'ਚ ਪੰਜਾਬ ਤੋਂ ਆਏ ਨੌਜਵਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੋਟੀਆਂ ਰਕਮਾਂ ਖਰਚ ਕੇ ਵਿਦੇਸ਼ ਪੜ੍ਹਾਈ ਕਰਨ ਦਾ ਸੁਪਨਾ ਲੈ ਕੇ ਗਏ ਵੁਦਆਰਥੀਆਂ ਨੂੰ ਫੀਸਾਂ ਦਾ ਖਰਚਾ ਚੁੱਕਣ 'ਚ ਵੀ ਮੁਸ਼ਕਿਲਾਂ ਦਰਪੇਸ਼ ਆ ਰਹੀਆਂ ਹਨ। ਕਈ ਮਜਬੂਰ ਵਿਦਿਆਰਥੀਆਂ ਨੂੰ ਗਲਤ ਰਾਹੇ ਪੈਣਾ ਸੌਖਾ ਜਾਪ ਰਿਹਾ ਹੈ।

ਵਿਸ਼ਵ ਪੰਜਾਬੀ ਕਾਨਫਰੰਸ ਦੇ ਪ੍ਰਵਾਸੀ ਸੈਸ਼ਨ ਦੌਰਾਨ ਸੁੱਖੀ ਬਾਠ ਨੇ ਗੱਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਲਗਭਗ ਇਕ ਲੱਖ ਵਿਦਿਆਰਥੀ ਪੰਜਾਬ ਤੋਂ ਕੈਨੇਡਾ ਗਏ ਹਨ, ਜਿਨ੍ਹਾਂ ਨੇ ਵੱਖ-ਵੱਖ ਸੰਸਥਾਵਾਂ 'ਚ 88 ਹਜ਼ਾਰ ਕਰੋੜ ਰੁਪਏ ਦੀ ਫੀਸ ਭਰੀ ਹੈ। ਪਰ ਇਹਨਾਂ ਫੀਸਾਂ ਨੂੰ ਭਰਨ ਲਈ ਕਈ ਵਿਦਿਆਰਥੀ ਮਹਬੂਰੀ ਵੱਸ ਜਾਂ ਤਾਂ ਗਲਤ ਰਾਹੇ ਪੈ ਰਹੇ ਹਨ ਜਾਂ ਮਾਨਸਿਕ ਸ਼ਾਂਤੀ ਲਈ ਨਸ਼ੇ ਦਾ ਸਹਾਰਾ ਲੈ ਰਹੇ ਹਨ। ਉਹਨਾਂ ਨੇ ਦੱਸਿਆ ਕਿ ਬਾਹਰ ਜਾਣ ਦੀ ਕਾਹਲੀ 'ਚ ਕਈ ਨੌਜਵਾਨ ਇਹ ਵੀ ਨਹੀਂ ਪਤਾ ਕਰਦੇ ਕਿ ਉਹ ਜਿਸ ਕਾਲਜ 'ਚ ਜਾਣ ਵਾਲੇ ਹਨ, ਉਹ ਵੈਰੀਫਾਈਡ ਭਾਵ ਅਸਲੀ ਹੈ ਵੀ ਜਾਂ ਨਹੀਂ, ਅਤੇ ਉਥੇ ਪਹੁੰਚ ਕੇ ਸੱਚਾਈ ਦਾ ਪਤਾ ਲੱਗਣ 'ਤੇ ਉਹਨਾਂ ਦਾ ਹੌਂਸਲਾ ਟੁੱਟ ਜਾਂਦਾ ਹੈ। ਇਸ ਤੋਂ ਇਲਾਵਾ ਖਰਚੇ ਦਾ ਬੋਝ ਵੀ ਉਹਨਾਂ ਦੇ ਹੌਂਸਲਿਆਂ 'ਚ ਤਰੇੜ ਪਾਉਂਦਾ ਹੈ।

ਖੁਸ਼ੀ ਵਾਲੀ ਗੱਲ ਇਹ ਹੈ ਕਿ ਕੁਰਾਹੇ ਪਏ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਨਹੀਂ ਹੈ, ਉਹਨਾਂ ਕਿਹਾ ਕਿ ਬਹੁਤ ਸਾਰੇ ਪੰਜਾਬੀ ਨੌਜਵਾਨ ਇੰਨ੍ਹਾਂ ਸਾਰੀਆਂ ਔਕੜਾਂ ਦੇ ਬਾਵਜੂਦ ਮਿਹਨਤ ਨਾਲ ਵਿਦੇਸ਼ਾਂ 'ਚ ਵੀ ਪੰਜਾਬੀਅਤ ਦੇ ਝੰਡੇ ਗੱਡ ਰਹੇ ਹਨ, ਜਿਸ 'ਤੇ ਉਹਨਾਂ ਨੂੰ ਮਾਣ ਹੈ।

ਇਸ ਕਾਨਫਰੰਸ 'ਚ ਉਨ੍ਹਾਂ ਤੋਂ ਇਲਾਵਾ ਕੈਨੇਡਾ ਤੋਂ ਇਕਬਾਲ ਮਾਹਲਸ ਮਨਮੋਹਨ ਮਹੇੜੂ, ਹਰਜੀਤ ਅਟਵਾਲ ਅਤੇ ਜੈਦੀਪ ਸਿੰਘ ਨੇ ਵੀ ਹਿੱਸਾ ਲਿਆ।

—PTC News

Related Post